ਬਿਜਲੀ ਦੇ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ, ਮਜੀਠੀਆ ਨੇ ਕੀਤੀ ਝੋਨਾ ਉਤਪਾਦਕਾਂ ਲਈ ਵਿੱਤੀ ਪੈਕੇਜ ਦੀ ਮੰਗ
Friday, Jul 02, 2021 - 10:51 AM (IST)
ਅੰਮ੍ਰਿਤਸਰ (ਛੀਨਾ) - ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਆਪਣਾ ਬਿਜਲੀ ਸਬਸਿਡੀ ਬਿੱਲ ਘਟਾਉਣ ਦੇ ਚੱਕਰ ਵਿੱਚ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਨਾ ਕਰਨ ਕਾਰਨ ਡੀਜ਼ਲ ਫੂਕ ਕੇ ਆਪਣੀ ਝੋਨੇ ਦੀ ਫ਼ਸਲ ਪਾਲਣ ਲਈ ਮਜਬੂਰ ਹੋਏ ਕਿਸਾਨਾਂ ਵਾਸਤੇ ਤੁਰੰਤ ਵਿੱਤੀ ਰਾਹਤ ਪੈਕੇਜ ਦਾ ਐਲਾਨ ਕਰੇ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਡੀਜ਼ਲ ’ਤੇ ਆਪਣਾ ਵੈਟ 10 ਰੁਪਏ ਪ੍ਰਤੀ ਲੀਟਰ ਘਟਾਵੇ। ਸੂਬਾ ਸਰਕਾਰ ਕਿਸਾਨਾਂ ਦੇ ਮਾੜੇ ਹਾਲਾਤ ਤੋਂ ਹਜ਼ਾਰਾਂ ਕਰੋੜ ਰੁਪਏ ਕਮਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)
ਮਜੀਠੀਆ ਨੇ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਨੇ ਬਿਜਲੀ ਸਪਲਾਈ ਨਾ ਹੋਣ ਕਾਰਨ ਆਪਣੀ ਝੋਨੇ ਦੀ ਫ਼ਸਲ ਵਾਹੀ ਹੈ, ਉਨ੍ਹਾਂ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਤੁਰੰਤ ਇਹ ਦਰੁਸਤੀ ਭਰੇ ਕਦਮ ਨਾ ਚੁੱਕੇ ਤਾਂ ਫਿਰ ਅਕਾਲੀ ਦਲ ਮੁੱਖ ਮੰਤਰੀ ਤੇ ਮੰਤਰੀਆਂ ਦਾ ਘਿਰਾਓ ਕਰੇਗਾ। ਕਿਸਾਨਾਂ ਦੇ ਸਿਰ ’ਤੇ ਡੀਜ਼ਲ ਫੂਕ ਕੇ 2500 ਤੋਂ 3500 ਕਰੋੜ ਰੁਪਏ ਦਾ ਨਵਾਂ ਬੋਝ ਪਾਇਆ ਗਿਆ ਹੈ, ਜਿਸ ਦਾ ਮੁਆਵਜ਼ਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕੱਲ ਕਿਸਾਨਾਂ ਤੇ ਲੋਕਾਂ ਲਈ ਨਿਆਂ ਹਾਸਲ ਕਰਨ ਵਾਸਤੇ ਧਰਨੇ ਦੇਵੇਗੀ।
ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ
ਇਨ੍ਹਾਂ ਵਰਗਾਂ ਨੂੰ 10 ਤੋਂ 12 ਘੰਟੇ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੰਸਡਟਰੀ ਨੂੰ ਹਫ਼ਤੇ ਵਿੱਚ ਦੋ ਦਿਨ ਜਬਰੀ ਬੰਦ ਕਰਨ ਦੇ ਹੁਕਮ ਚਾੜ੍ਹ ਦਿੱਤੇ ਗਏ ਹਨ। ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਵਿੱਤੀ ਐਮਰਜੈਂਸੀ ਤੋਂ ਬਾਅਦ ਸੂਬਾ ਬਿਜਲੀ ਐਮਰਜੈਂਸੀ ਵਿਚ ਘਿਰ ਗਿਆ ਹੈ ਤੇ ਆਈ. ਸੀ. ਯੂ. ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਐਮਰਜੈਂਸੀ ਕਾਂਗਰਸ ਨੇ ਆਪ ਬਣਾਈ ਹੈ। ਸਰਕਾਰ ਜਾਣ ਬੁੱਝ ਕੇ ਆਪਣਾ ਬਿਜਲੀ ਸਬਸਿਡੀ ਬਿੱਲ ਘੱਟ ਰੱਖਣ ਵਾਸਤੇ ਕਿਸਾਨਾਂ ਨੂੰ ਬਿਜਲੀ ਸਪਲਾਈ ਨਹੀਂ ਕਰ ਰਹੀ। ਪੀ. ਐੱਸ. ਪੀ. ਸੀ. ਐੱਲ. ਨੂੰ ਆਪਣੀ ਵੰਡ ਤੇ ਟਰਾਂਸਮਿਸ਼ਨ ਪ੍ਰਣਾਲੀ ਕਾਇਮ ਰੱਖਣ ਲਈ ਫੰਡ ਨਹੀਂ ਦਿੱਤੇ ਗਏ, ਜਿਸ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਇਹ ਸਭ ਕੁਝ ਉਸ ਵੇਲੇ ਹੋ ਰਿਹਾ ਹੈ, ਜਦੋਂ ਕਿਸਾਨ ਅਤੇ ਆਮ ਖਪਤਕਾਰ ਰੋਸ ਪ੍ਰਦਰਸ਼ਨ ਕਰਦਿਆਂ ਸੜਕਾਂ ’ਤੇ ਨਿਤਰੇ ਹੋਏ ਹਨ।
ਪੜ੍ਹੋ ਇਹ ਵੀ ਖ਼ਬਰ - ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦੇ ਕਤਲ ਦੀ ਸੁਲਝੀ ਗੁੱਥੀ, ਕਾਬੂ ਕੀਤੇ ਮੁਲਜ਼ਮ ਨੇ ਕੀਤੇ ਵੱਡੇ ਖ਼ੁਲਾਸੇ
ਉਨ੍ਹਾਂ ਕੈਪਟਨ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਬਿਜਲੀ ਸੰਕਟ ਦੀ ਸਮੀਖਿਆ ਕਰਨ ਵਾਸਤੇ ਮੀਟਿੰਗਾਂ ਕਰਨ ਦੀ ਥਾਂ ਆਪਣੇ ਕਾਂਗਰਸੀ ਆਗੂਆਂ ਲਈ ਫਾਈਟ ਸਟਾਰ ਲੰਚ ਦੀ ਮੇਜ਼ਬਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਇਸ ਗੱਲ ਵਿਚ ਵਿਸ਼ਵਾਸ ਨਹੀਂ ਰੱਖਦੇ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਹੋ ਸਕਦੀ ਹੈ, ਕਿਉਂਕਿ ਉਹ ਆਪ ਏਅਰ ਕੰਡੀਸ਼ਨ ਸਹੂਲਤ ਵਿਚ ਮੌਜ਼ਾਂ ਮਾਣਦੇ ਹਨ ਜਦਕਿ ਪੀ. ਐੱਸ. ਪੀ. ਸੀ. ਐੱਲ. ਨੇ ਲੋਕਾਂ ਨੂੰ ਅਗਲੇ ਤਿੰਨ ਦਿਨ ਏ. ਸੀ. ਨਾ ਵਰਤਣ ਵਾਸਤੇ ਕਿਹਾ ਹੈ। ਇਸ ਮੌਕੇ ਵਿਰਸਾ ਸਿੰਘ ਵਲਟੋਹਾ, ਲਖਬੀਰ ਸਿੰਘ ਲੋਧੀਨੰਗਲ, ਦਲਬੀਰ ਸਿੰਘ ਵੇਰਕਾ, ਮਨਜੀਤ ਸਿੰਘ ਮੰਨਾ ਤੇ ਮਲਕੀਤ ਸਿੰਘ ਏ. ਆਰ. ਵੀ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਮਲਬਾ ਹਟਾਉਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਝੜਪ, 55 ਸਾਲਾ ਬਜ਼ੁਰਗ ਦੀ ਮੌਤ