ਚਾਰ ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨਾਂ ਵੱਲੋਂ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਦੀ ਕੋਠੀ ਦਾ ਘਿਰਾਓ

Thursday, Nov 04, 2021 - 02:43 PM (IST)

ਚਾਰ ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨਾਂ ਵੱਲੋਂ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਦੀ ਕੋਠੀ ਦਾ ਘਿਰਾਓ

ਨਾਭਾ (ਜੈਨ) : ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਆਦਿ ਚਾਰ ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨਾਂ ਨੇ ਇਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੀ ਜਨਮਭੂਮੀ ਸਥਿਤ ਨਿੱਜੀ ਕੋਠੀ ਦਾ ਜ਼ਬਰਦਸਤ ਘਿਰਾਓ ਕਰ ਕੇ ਜਨਜੀਵਨ ਠੱਪ ਕਰ ਦਿੱਤਾ। ਸਾਰੀਆਂ ਸੜਕਾਂ ’ਤੇ ਪੁਲਸ ਵੱਲੋਂ ਬੈਰੀਕੇਡ ਲਾ ਰੱਖੇ ਸਨ ਪਰ ਕਿਸਾਨਾਂ ਦੇ ਜੱਥਿਆਂ ਕਾਰਨ ਜ਼ਿਲ੍ਹਾ ਪੁਲਸ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਅਜ਼ਾਈ ਗਏ। ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਵੱਲੋਂ ਕਿਸਾਨਾਂ ਦੇ ਧਰਨੇ ਕਾਰਨ ਪੁਲਸ ਕਪਤਾਨਾਂ ਕੇਸਰ ਸਿੰਘ ਅਤੇ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਹੇਠ ਡੀ. ਐੱਸ. ਪੀ. ਰਾਜੇਸ਼ ਛਿੱਬਡ਼ ਸਮੇਤ ਚਾਰ ਡੀ. ਐੱਸ. ਪੀ., ਇਕ ਦਰਜਨ ਐੱਸ. ਐੱਚ. ਓਜ਼, 498 ਪੁਲਸ ਜਵਾਨ ਇਥੇ ਤਾਇਨਾਤ ਕੀਤੇ ਗਏ ਸਨ। ਮੁਹੱਲਾ ਕਰਤਾਰਪੁਰਾ ਸਥਿਤ ਖੇਤੀਬਾਡ਼ੀ ਮੰਤਰੀ ਦੀ ਕੋਠੀ ਨੂੰ ਜਾਂਦੇ ਸਾਰੇ ਰਸਤੇ ਬੈਰੀਕੇਡ ਲਾ ਕੇ ਸੀਲ ਕੀਤੇ ਗਏ ਸਨ, ਜਿਸ ਕਾਰਨ ਲੋਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਹਰਮੇਲ ਸਿੰਘ ਤੂੰਗਾ ਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ ਨੇ ਕਿਹਾ ਕਿ ਡੀ. ਏ. ਪੀ. ਖਾਦ ਨਾ ਮਿਲਣ ਕਾਰਨ ਕੋਠੀ ਦਾ ਘਿਰਾਓ ਕਰਨਾ ਸਾਡੀ ਮਜਬੂਰੀ ਬਣ ਗਿਆ ਹੈ। ਕਿਸਾਨ ਆਗੂਆਂ ਜਗਤਾਰ ਸਿੰਘ ਕਾਲਾਝਾੜ, ਦਰਬਾਰਾ ਸਿੰਘ ਜ਼ਿਲਾ ਜਨਰਲ ਸਕੱਤਰ ਸੰਗਰੂਰ ਅਤੇ ਸੌਦਾਗਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਲੁਧਿਆਣਾ ਆਦਿ ਨੇ ਦੋਸ਼ ਲਾਇਆ ਕਿ ਬੇਮੌਸਮੀ ਬਰਸਾਤ ਕਾਰਨ ਕਰੋੜਾਂ ਰੁਪਏ ਦੀ ਫਸਲਾਂ ਬਰਬਾਦ ਹੋ ਗਈਆਂ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਦੇ ਬਾਵਜੂਦ ਗਿਰਦਾਵਰੀਆਂ ਨਹੀਂ ਹੋਈਆਂ। ਮੁਆਵਜ਼ਾ ਮਿਲਣਾ ਤਾਂ ਦੂਰ ਦੀ ਗੱਲ ਹੈ। ਮੋਦੀ ਸਰਕਾਰ ਨੇ ਖੇਤੀਬਾੜੀ ਕਾਨੂੰਨ ਲਾਗੂ ਕਰ ਕੇ ਅੰਨਦਾਤਾ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚੀ ਸੀ।

ਇਹ ਵੀ ਪੜ੍ਹੋ : ਮੰਡੀ ਬੋਰਡ ਦੇ ਟੈਕਨੀਕਲ ਐਡਵਾਈਜ਼ਰ ਬਰਾੜ ਦੀ ਨਿਯੁਕਤੀ ਦਾ ਮਾਮਲਾ ਹਾਈ ਕੋਰਟ ਪੁੱਜਾ

PunjabKesari

ਪਿਛਲੇ 1 ਸਾਲ ਦੌਰਾਨ ਮੰਤਰੀ ਮੋਦੀ ਨੇ ਬਾਬਾ ਦਾ ਰੂਪ ਧਾਰਨ ਕਰ ਕੇ ਇਕ ਵੀ ਸ਼ਬਦ ਕਿਸਾਨਾਂ ਬਾਰੇ ਨਹੀਂ ਬੋਲਿਆ। ਲਖੀਮਪੁਰ ਖੀਰੀ ਵਿਚ 4 ਕਿਸਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਦੇ ਬੇਟੇ ਨੇ ਸ਼ਹੀਦ ਕੀਤੇ। ਕੁੱਝ ਦਿਨ ਪਹਿਲਾਂ ਤਿੰਨ ਮਹਿਲਾਵਾਂ ਨੂੰ ਟਰੱਕ ਨੇ ਕੁਚਲ ਦਿੱਤਾ। ਅਫਸੋਸ ਹੈ ਕਿ ਪੰਜਾਬ ’ਚ ਇਕ ਪਾਸੇ ਕਾਂਗਰਸ ਕਿਸਾਨਾਂ ਦੀ ਹਮਦਰਦ ਹੋਣ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੁੱਝ ਨਹੀਂ ਕੀਤਾ ਜਾ ਰਿਹਾ। ਕਿਸਾਨ ਆਗੂਆਂ ਅਮਰੀਕ ਸਿੰਘ ਘੱਗਾ, ਦਰਸ਼ਨ ਸਿੰਘ ਅਮਰਗਡ਼੍ਹ, ਹਰਜਿੰਦਰ ਸਿੰਘ ਘਰਾਚੋਂ, ਚਰਨਜੀਤ ਕੌਰ, ਹਰਬੰਸ ਸਿੰਘ (ਲੱਡਾ), ਲਖਵੀਰ ਸਿੰਘ ਤੇ ਨਿਰਮਲ ਸਿੰਘ (ਮਾਲੇਰਕੋਟਲਾ) ਆਦਿ ਨੇ ਬੋਲਦਿਆਂ ਕਿਹਾ ਕਿ ਕੇਂਦਰੀ ਸਰਕਾਰ ਵੱਲੋਂ ਕਿਸਾਨਾਂ ਲਈ ਖੇਤੀ ਸੰਦਾਂ ’ਤੇ 80 ਫੀਸਦੀ ਸਬਸਿਡੀ ਮਨਜ਼ੂਰ ਕੀਤੀ ਗਈ ਸੀ, ਜਦੋਂ ਕਿ ਕਿਸਾਨਾਂ ਨੇ ਇਹ ਸੁਵਿਧਾ ਲੈਣ ਲਈ ਦਰਖਾਸਤਾਂ ਦਿੱਤੀਆਂ ਤਾਂ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਸਬਸਿਡੀ 50 ਫੀਸਦੀ ਹੀ ਮਿਲੇਗੀ। ਸਰਕਾਰ ਨੇ ਸਬਸਿਡੀ ਹੜਪ ਕਰਨ ਲਈ ਆਪਣੇ ਚਹੇਤਿਆਂ ਤੋਂ ਹੀ ਦਰਖਾਸਤਾਂ ਲਈਆਂ। ਪੰਜਾਬ ਦੇ ਕੁੱਲ 62265 ਕਿਸਾਨਾਂ ਨੇ ਦਰਖਾਸਤਾਂ ਦਿੱਤੀਆਂ ਸਨ, ਜਿਸ ’ਚੋਂ 10297 ਕਿਸਾਨਾਂ ਦੀਆਂ ਅਰਜੀਆਂ ਪ੍ਰਵਾਨ ਕਰ ਕੇ ਸਿਰਫ 10019 ਸੰਦ ਹੀ ਕਿਸਾਨਾਂ ਨੂੰ ਦਿੱਤੇ ਗਏ। ਧਰਨਾਕਾਰੀਆਂ ਨੇ ਮੰਤਰੀ ਦੀ ਕੋਠੀ ਦੇ ਘਿਰਾਓ ਤੋਂ ਪਹਿਲਾਂ 3 ਘੰਟੇ ਤੱਕ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ ਦਿੱਤਾ। ਫਿਰ ਬਾਜ਼ਾਰਾਂ ’ਚ ਪੈਦਲ ਮਾਰਚ ਕਰ ਕੇ ਰਣਦੀਪ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਤੇ ਨਾਅਰੇਬਾਜ਼ੀ ਨਾਲ ਅਸਮਾਨ ਹਿਲਾ ਦਿੱਤਾ।

ਇਹ ਵੀ ਪੜ੍ਹੋ : ਰੇਤ ਮਾਈਨਿੰਗ ’ਚ ਸ਼ਾਮਲ ਕਾਂਗਰਸੀਆਂ ਦੇ ਨਾਂ ਉਜਾਗਰ ਕਰਨ ਕੈਪਟਨ: ਸ਼੍ਰੋਮਣੀ ਅਕਾਲੀ ਦਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News