ਖੇਤੀ ਵਾਲੀਆਂ ਮੋਟਰਾਂ ਨੂੰ ਬਿਜਲੀ ਮੁਫ਼ਤ ਲਾਉਣ ਬਾਰੇ ਵਿਚਾਰ ਹੋ ਰਿਹੈ : ਰਾਣਾ ਗੁਰਜੀਤ

10/02/2017 11:10:58 AM

ਕਪੂਰਥਲਾ (ਮੱਲ੍ਹੀ)- ਪੰਜਾਬ ਸਰਕਾਰ ਕਿਸਾਨਾਂ ਦੀਆਂ ਖੇਤੀ ਵਾਲੀਆਂ ਮੋਟਰਾਂ 'ਤੇ ਕੋਈ ਮੀਟਰ ਜਾਂ ਬਿੱਲ ਨਹੀਂ ਲਗਾ ਰਹੀ, ਜਦਕਿ ਜਿਨ੍ਹਾਂ ਲੋਕਾਂ ਨੇ ਆਪਣੇ ਫਾਰਮ ਹਾਊਸਾਂ 'ਤੇ ਟਿਊਬਵੈੱਲ ਲਗਾ ਰੱਖੇ ਹਨ, ਉਨ੍ਹਾਂ ਉੱਪਰ ਸਰਕਾਰ ਬਿਜਲੀ ਬਿੱਲ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਇਹ ਸ਼ਬਦ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਸਰਕਾਰ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਲਈ ਵਚਨਬੱਧ ਹੈ, ਜਿਸ 'ਤੇ ਕੈਬਨਿਟ ਵੀ ਆਪਣੀ ਮੋਹਰ ਲਗਾ ਚੁੱਕੀ ਹੈ ਤੇ ਇਸ ਸੰਬੰਧੀ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। 
ਸਾਬਕਾ ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਸੰਬੰਧੀ ਕੀਤੀਆਂ ਜਾ ਰਹੀਆਂ ਟਿੱਪਣੀਆਂ 'ਤੇ ਸਖ਼ਤ ਰੁੱਖ ਅਪਣਾਉਂਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਐਂਡ ਪਾਰਟੀ ਹੁਣ ਬਿਲਕੁਲ ਵਿਹਲੀ ਹੋ ਗਈ ਹੈ ਤੇ ਉਨ੍ਹਾਂ ਨੂੰ ਹੁਣ ਕੇਵਲ ਦੋਸ਼ ਲਗਾਉਣ ਵਾਲੀ ਬਿਆਨਬਾਜ਼ੀ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ, ਜਦਕਿ ਕੈਪਟਨ ਸਰਕਾਰ ਆਪਣੇ ਤਰੀਕੇ ਨਾਲ ਆਪਣੇ ਏਜੰਡਿਆਂ 'ਤੇ ਕੰਮ ਕਰਕੇ ਆਪਣੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਯਤਨਸ਼ੀਲ ਹੈ। ਕਿਸਾਨਾਂ ਦੀ ਕਰਜ਼ਾ ਮੁਆਫੀ ਸੰਬੰਧੀ ਰਾਣਾ ਗੁਰਜੀਤ ਸਿੰਘ ਨੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਤੇ ਇਸ ਦੇ ਨਾਲ ਹੀ ਗਲਤ ਢੰਗ ਨਾਲ ਕਿਸਾਨਾਂ ਨੂੰ ਕਰਜ਼ਾ ਦੇਣ ਵਾਲੀਆਂ ਬੈਂਕਾਂ ਨੂੰ ਵੀ ਦੋਸ਼ੀ ਮੰਨਿਆ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਆਗੂਆਂ ਤੋਂ ਇਲਾਵਾ 'ਆਪ' ਆਗੂ ਕਾਂਗਰਸ ਸਰਕਾਰ ਖਿਲਾਫ ਜਿੰਨਾ ਮਰਜ਼ੀ ਦੂਸ਼ਣ ਪ੍ਰਚਾਰ ਕਰ ਲੈਣ ਸਰਕਾਰ ਆਪਣੇ ਏਜੰਡਿਆਂ ਅਨੁਸਾਰ ਹੀ ਕੰਮ ਕਰੇਗੀ ਤੇ ਕਿਸੇ ਵੀ ਸਿਆਸੀ ਧਿਰ ਦੇ ਦਬਾਅ ਹੇਠ ਨਹੀਂ ਆਵੇਗੀ।


Related News