ਕਿਸਾਨ ਪਰਾਲੀ ਸਾੜਨ ਲਈ ਲੈਣਗੇ ''ਰਾਵਣ'' ਦਾ ਸਹਾਰਾ!

10/17/2018 11:12:47 AM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਖੇਤਾਂ 'ਚ ਪਰਾਲੀ ਸਾੜਨ 'ਤੇ ਪਾਬੰਦੀ ਲਾਈ ਹੋਈ ਹੈ। ਅਜਿਹੇ 'ਚ ਕਿਸਾਨ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਜੇਕਰ ਉਹ ਪਰਾਲੀ ਸਾੜਨਗੇ ਤਾਂ ਸਰਕਾਰ ਚਲਾਨ ਕੱਟੇਗੀ ਅਤੇ ਜੇਕਰ ਨਹੀਂ ਸਾੜਨਗੇ ਤਾਂ ਕਣਕ ਦੀ ਬਿਜਾਈ ਲੇਟ ਹੋ ਜਾਵੇਗੀ ਅਤੇ ਜੇਕਰ ਉਹ ਪਰਾਲੀ ਸੰਭਾਲਦੇ ਹਨ ਤਾਂ ਇਸ 'ਤੇ 6-7 ਹਜ਼ਾਰ ਰੁਪਿਆ ਪ੍ਰਤੀ ਏਕੜ ਫਾਲਤੂ ਲੱਗੇਗਾ। ਅਜਿਹੇ 'ਚ ਕਿਸਾਨਾਂ ਨੇ ਰਾਵਣ ਦਾ ਸਹਾਰਾ ਲਿਆ ਹੈ।

ਜੀ ਹਾਂ, ਸੂਬੇ ਦੇ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਦੁਸਹਿਰੇ 'ਤੇ ਪਰਾਲੀ ਦੇ ਰਾਵਣ ਸਾੜਨਗੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਪਰੇਸ਼ਾਨ ਹਨ, ਜਿਨ੍ਹਾਂ ਦੇ ਦਿਮਾਗ 'ਚ ਜੋ ਆਈਡੀਆ ਆ ਰਹੇ ਹਨ, ਉਨ੍ਹਾਂ ਅਨੁਸਾਰ ਹੀ ਉਹ ਪਰਾਲੀ ਦਾ ਹੱਲ ਕੱਢ ਰਹੇ ਹਨ।  ਇਸ ਸਬੰਧੀ ਵਟਸਐਪ 'ਤੇ ਇਕ ਮੈਸਜ ਫੈਲਾਇਆ ਜਾ ਰਿਹਾ ਹੈ, ਜਿਸ 'ਚ ਇਕ ਕਿਸਾਨ ਸਲਾਹ ਦੇ ਰਿਹਾ ਹੈ ਕਿ ਪਰਾਲੀ ਨੂੰ ਲੈ ਕੇ ਚਿੰਤਾ ਨਾ ਕਰੋ ਅਤੇ ਖੇਤਾਂ 'ਚ ਕੰਬਾਈਨ ਅਤੇ ਕਟਰ ਚਲਾਉਣ ਤੋਂ ਬਾਅਦ ਜਿਹੜੀ ਪਰਾਲੀ ਬਚਦੀ ਹੈ, ਉਸ ਨੂੰ ਇਕੱਠਾ ਕਰ ਲਓ। ਦੁਸਹਿਰੇ ਵਾਲੇ ਦਿਨ ਪਰਾਲੀ ਦਾ ਹਰ ਏਕੜ 'ਚ ਇਕ-ਇਕ ਰਾਵਣ ਦਾ ਪੁਤਲਾ ਬਣਾ ਕੇ ਫੂਕ ਦਿਓ।

ਦੁਸਹਿਰੇ ਵਾਲੇ ਦਿਨ ਜਦੋਂ ਸਾਰੇ ਲੋਕ ਪਟਾਕਿਆਂ ਦਾ ਰਾਵਣ ਫੂਕਦੇ ਹਨ ਤਾਂ ਉਨ੍ਹਾਂ ਨੂੰ ਵੀ ਰਾਵਣ ਫੂਕਣ ਦਾ ਅਧਿਕਾਰ ਹੈ। ਇਸ ਤਰ੍ਹਾਂ ਦੁਸਹਿਰਾ ਵੀ ਮਨਾ ਹੋ ਜਾਵੇਗਾ ਅਤੇ ਪਰਾਲੀ ਦਾ ਬੰਦੋਬਸਤ ਵੀ ਹੋ ਜਾਵੇਗਾ। ਇਸ ਬਾਰੇ 'ਮਿਸ਼ਨ ਤੰਦਰੁਸਤ ਪੰਜਾਬ' ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਕਿਸਾਨ ਪਰਾਲੀ ਨਾਲ ਹੋਣ ਵਾਲੇ ਨੁਕਸਾਨ ਨੂੰ ਸਮਝਦੇ ਹਨ, ਇਸ ਲਈ ਉਹ ਪਰਾਲੀ ਨਹੀਂ ਸਾੜਨਗੇ। ਉਨ੍ਹਾਂ ਕਿਹਾ ਕਿ ਕੁਝ ਲੋਕ ਅਜਿਹੀਆਂ ਗੱਲਾਂ ਫੈਲਾ ਰਹੇ ਹਨ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਅਫਵਾਹਾਂ ਤੋਂ ਬਚੋ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪਰਾਲੀ ਸਾੜੀ ਜਾਵੇਗੀ ਤਾਂ ਫਿਰ ਸਰਕਾਰ ਆਪਣੀ ਬਣਦੀ ਕਾਰਵਾਈ ਕਰੇਗੀ।


Related News