ਰਜਬਾਹੇ ’ਚ ਪਿਆ 45 ਫੁੱਟ ਪਾਡ਼, ਸੈਂਕੜੇ ਏਕਡ਼ ਫਸਲਾਂ ਪਾਣੀ ’ਚ ਡੁੱਬੀਆਂ
Friday, Jul 27, 2018 - 03:23 AM (IST)
ਭਗਤਾ ਭਾਈ(ਪਰਵੀਨ)-ਪਿੰਡ ਨਿਓਰ ਵਿਖੇ ਭਦੌਡ਼ ਰਜਬਾਹੇ ਵਿਚ ਪਏ ਕਰੀਬ 45 ਫੁੱਟ ਪਾਡ਼ ਕਾਰਨ ਕਰੀਬ 100 ਏਕਡ਼ ਫਸਲ ਪਾਣੀ ਨਾਲ ਭਰ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6 ਵਜੇ ਪਿੰਡ ਦੇ ਮਾਸਟਰ ਜਲੌਰ ਦੇ ਖੇਤ ਵਿਚ ਇਹ ਰਜਬਾਹਾ ਟੁੱਟ ਗਿਆ। ਇਸ ਰਜਬਾਹੇ ਵਿਚ ਪਏ ਪਾਡ਼ ਦਾ ਪਤਾ ਲਗਦਿਆਂ ਹੀ ਕਿਸਾਨਾਂ ਨੇ ਵਿਭਾਗ ਨੂੰ ਸੂੁਚਨਾ ਦੇਣ ਦੇ ਨਾਲ-ਨਾਲ ਆਪਣੇ ਪੱਧਰ ’ਤੇ ਇਸ ਪਾਡ਼ ਨੂੰ ਪੂਰਨ ਦੇ ਯਤਨ ਆਰੰਭ ਕਰ ਦਿੱਤੇ। ਪਰ ਰਜਬਾਹੇ ਦੇ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਕਿਸਾਨਾਂ ਨੂੰ ਪਾਡ਼ ਪੂਰਨ ਵਿਚ ਭਾਰੀ ਮੁਸ਼ਕਲ ਆ ਰਹੀ ਸੀ। ਕਿਸਾਨ ਭਗਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਜਬਾਹੇ ਦੇ ਟੁੱਟਣ ਦਾ ਕਾਰਨ ਇਸ ਦੀ ਸਮੇਂ ਸਿਰ ਸਫਾਈ ਨਾ ਹੋਣਾ ਹੈ। ਪੀਡ਼ਤ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਖੇਤਾਂ ਵਿਚ ਲੋਡ਼ ਨਾਲੋਂ ਜਿਆਦਾ ਪਾਣੀ ਭਰਨ ਨਾਲ ਝੋਨੇ ਦੀ ਫਸਲ ਨੂੰ ਨੁਕਸਾਨ ਹੋਣ ਦਾ ਖਤਰਾ ਵਧ ਗਿਆ ਹੈ। ਉਨ੍ਹਾਂ ਸ਼ਿਕਵਾ ਜਾਹਿਰ ਕਰਦਿਆਂ ਕਿਹਾ ਨਹਿਰੀ ਵਿਭਾਗ ਵੱਲੋਂ ਇਹ ਪਾਡ਼ ਬੰਦ ਕਰਨ ਲਈ ਲੋਡ਼ੀਂਦੀ ਲੇਬਰ ਮੁਹੱਈਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਕਿਸਾਨਾਂ ਨੂੰ ਪਾਡ਼ ਭਰਨ ਲਈ ਆਪਣੇ ਪੱਧਰ ’ਤੇ ਹੀ ਯਤਨ ਕਰਨੇ ਪੈ ਰਹੇ ਹਨ। ਪੀਡ਼ਤਾਂ ਵਿੱਚ ਦਰਜਨ ਉਹ ਕਿਸਾਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਜ਼ਮੀਨਾਂ ਠੇਕੇ ’ਤੇ ਲੈ ਕੇ ਝੋਨਾ ਲਾਇਆ ਸੀ। ਨਹਿਰੀ ਵਿਭਾਗ ਦੇ ਅਧਿਕਾਰੀ ਗੁਰਨੈਬ ਸਿੰਘ ਨੇ ਦੱਸਿਆ ਕਿ ਪਾਡ਼ ਦੀ ਸੂਚਨਾ ਮਿਲਦਿਆਂ ਹੀ ਵਿਭਾਗ ਵੱਲੋਂ ਟੱਲੇਵਾਲ ਤੋਂ ਇਸ ਰਜਬਾਹੇ ਦਾ ਪਾਣੀ ਬੰਦ ਕਰ ਦਿੱਤਾ ਗਿਆ ਹੈ ਪਰ ਇਸ ਰਜਬਾਹੇ ਦੀ ਲੰਬਾਈ ਜਿਆਦਾ ਹੋਣ ਕਾਰਨ ਪਾਣੀ ਬੰਦ ਹੋਣ ਲਈ ਸਮਾਂ ਲੱਗ ਰਿਹਾ ਹੈ। ਅੱਜ ਸਵੇਰੇ ਕੋਟਡ਼ਾ ਕੌਡ਼ਾ ਵਿਖੇ ਫੂਲ ਰਜਵਾਹੇ ਵਿਚ ਪਾਡ਼ ਪੈ ਜਾਣ ਕਾਰਨ ਸੈਂਕਡ਼ੇ ਏਕਡ਼ ਫਸਲ ਪਾਣੀ ਵਿਚ ਡੁੱਬ ਗਈ ਅਤੇ ਆਸ-ਪਾਸ ਖੇਤਾਂ ’ਚ ਬਣੇ ਘਰਾਂ ਨੂੰ ਵੀ ਕਾਫੀ ਨੁਕਸਾਨ ਝੱਲਣਾ ਪਿਆ। ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਮੋਠੂ ਸਿੰਘ ਕੋਟਡ਼ਾ ਅਤੇ ਜੀ. ਓ. ਜੀ. ਮੱਘਰ ਸਿੰਘ ਕੋਟਡ਼ਾ ਨੇ ਦੱਸਿਆ ਕਿ ਇਸ ਰਜਵਾਹੇ ਦੀ ਹਾਲਤ ਕਾਫੀ ਖਸਤਾ ਸੀ ਜਦ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਬੀਤੇ ਦਿਨੀਂ ਹੀ ਇਹ ਧਿਆਨ ’ਚ ਲਿਆਂਦਾ ਗਿਆ ਸੀ ਕਿ ਪਾਣੀ ਜਿਆਦਾ ਆਉਣ ਕਾਰਨ ਕਿਸੇ ਵੇਲੇ ਵੀ ਸੂਆ ਪਾਡ਼ ਸਕਦਾ ਹੈ ਪਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਪਾਸੇ ਲਾਪਰਵਾਹੀ ਵਰਤਦਿਆਂ ਕੋਈ ਧਿਆਨ ਨਾ ਦਿੱਤਾ। ਪਿੰਡ ਦੇ ਸਰਪੰਚ ਗੁਰਪਾਲ ਸਿੰਘ ਪਾਲਾ ਅਤੇ ਧੰਨਾ ਸਿੰਘ ਕੋਟਡ਼ਾ ਨੇ ਦੱਸਿਆ ਕਿ ਇਸ ਸੂਏ ਦੀ ਮਿਆਦ 30 ਸਾਲ ਸੀ ਜਦ ਕਿ ਹੁਣ ਬਣੇ ਨੂੰ 34 ਸਾਲ ਬੀਤ ਚੁੱਕੇ ਹਨ ਪਰ ਮਿਆਦ ਪੁੱਗਣ ਦੇ ਬਾਵਜੂਦ ਵੀ ਵੱਡੀ ਲਾਪਰਵਾਹੀ ਵਿਖਾਈ ਗਈ। ਇਸ ਦੌਰਾਨ ਪ੍ਰਭਾਵਿਤ ਕਿਸਾਨਾਂ ਵੱਲੋਂ ਸਰਕਾਰ ਕੋਲੋਂ ਮੁਆਵਜੇ ਦੀ ਮੰਗ ਕੀਤੀ ਗਈ ਹੈ।
