ਪਿੰਡ ਚੂਚਕਵਿੰਡ ਦੇ ਕਿਸਾਨਾਂ ਦੀ 50 ਏਕੜ ਫਸਲ ਹੋਈ ਪਾਣੀ ਨਾਲ ਨਸ਼ਟ

Sunday, Jul 23, 2017 - 12:28 AM (IST)

ਪਿੰਡ ਚੂਚਕਵਿੰਡ ਦੇ ਕਿਸਾਨਾਂ ਦੀ 50 ਏਕੜ ਫਸਲ ਹੋਈ ਪਾਣੀ ਨਾਲ ਨਸ਼ਟ

 ਜ਼ੀਰਾ(ਅਕਾਲੀਆਂ ਵਾਲਾ)-ਪਿਛਲੇ ਦਿਨੀਂ ਹੋਈ ਬਰਸਾਤ ਜ਼ੀਰਾ ਇਲਾਕੇ ਦੇ ਕਿਸਾਨਾਂ ਦੇ ਲਈ ਇਕ ਆਫਤ ਬਣ ਕੇ ਆਈ ਹੈ। ਨਾਜਾਇਜ਼ ਕਬਜ਼ਿਆਂ ਦੀ ਭੇਂਟ ਚੜ੍ਹੇ ਸੇਮ ਨਾਲਿਆਂ ਅਤੇ ਇਸਦੀ ਪਿਛਲੀ ਸਰਕਾਰ ਮੌਕੇ ਖੁਦਾਈ ਨਾ ਹੋਣ ਕਰਕੇ ਬਰਸਾਤੀ ਪਾਣੀ ਦਾ ਨਿਕਾਸ ਰੁਕ ਗਿਆ। ਜਿਸ ਕਾਰਨ ਕਿਸਾਨਾਂ ਵੱਲੋਂ ਲਾਈ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਪਿੰਡ ਚੂਚਕਵਿੰਡ ਦੇ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਉਨ੍ਹÎਾਂ ਨੇ ਝੋਨਾ ਲਗਾ ਲਿਆ ਸੀ। ਪਰ ਬਾਅਦ ਵਿਚ ਪਈ ਬਰਸਾਤ ਕਾਰਨ 50 ਏਕੜ ਤੋਂ ਵੱਧ ਝੋਨਾ ਗਲ ਗਿਆ ਹੈ। ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਾਲ ਸਿੰਘ ਦਾ 7 ਏਕੜ, ਅਮਰੀਕ ਸਿੰਘ ਦਾ 9 ਏਕੜ, ਪਰਮਜੀਤ ਸਿੰਘ ਦਾ 3 ਏਕੜ, ਕੁਲੰਵਤ ਸਿੰਘ ਦਾ 10 ਏਕੜ, ਬੋਹੜ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ ਦਾ 10 ਏਕੜ, ਆਨੰਦਪਾਲ ਦਾ 6 ਏਕੜ, ਰਤਨ ਸਿੰਘ ਨੰਬਰਦਾਰ ਦਾ 6 ਏਕੜ ਲਗਾਇਆ ਹੋਇਆ ਝੋਨਾ ਗਲ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨਾ ਲਾਉਣ ਸਮੇਂ ਉਨ੍ਹਾਂ ਦਾ 6 ਹਜ਼ਾਰ ਤੱਕ ਦਾ ਖਰਚਾ ਵੀ ਪ੍ਰਤੀ ਏਕੜ ਆਇਆ ਹੈ। ਜੇਕਰ ਫਿਰ ਦੁਬਾਰਾ ਪੂਸਾ 1121 ਦੀ ਕਾਸ਼ਤ ਕੀਤੀ ਤਾਂ ਮੁੱਲ ਦੀ ਪਨੀਰੀ ਲੈ ਕੇ ਫਿਰ 5 ਹਜ਼ਾਰ ਤੱਕ ਦਾ ਖਰਚਾ ਆ ਜਾਵੇਗਾ। ਦੂਸਰੇ ਪਾਸੇ ਪੂਸਾ 1121 ਬਾਸਮਤੀ ਦਾ ਸਰਕਾਰੀ ਤੌਰ 'ਤੇ ਭਾਅ ਵੀ ਤੈਅ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਸਾਨੂੰ 12 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ। 
ਕਿਸਾਨਾਂ ਦੀ ਕਰੇਗੀ ਸਰਕਾਰ ਮਦਦ : ਜਥੇ. ਜ਼ੀਰਾ 
ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਉਹ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਆਏ ਹਨ ਅਤੇ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ। ਮਾਲ ਵਿਭਾਗ ਵੱਲੋਂ ਹੋਏ ਨੁਕਸਾਨ ਦੀ ਗਿਰਦਾਵਰੀ ਕੀਤੀ ਜਾ ਰਹੀ ਹੈ। ਪ੍ਰਧਾਨ ਸੜਕ ਯੋਜਨਾ ਤਹਿਤ ਬਣੀਆਂ ਸੜਕਾਂ ਵਿਚ ਪਾਣੀ ਦੇ ਕਰਾਸ ਦੇ ਲਈ ਪੁਲੀਆਂ ਆਦਿ ਨਹੀਂ ਦੱਬੀਆਂ ਗਈਆਂ। ਜਿਸ ਕਾਰਨ ਪਾਣੀ ਦਾ ਨਿਕਾਸ ਰੁਕ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਸਮੇਂ ਸੇਮ ਨਾਲਿਆਂ ਦੀ ਖੁਦਾਈ ਨਹੀਂ ਹੋਈ ਅਤੇ ਕੁਝ ਨਾਜਾਇਜ਼ ਕਬਜ਼ਿਆਂ ਦੀ ਭੇਂਟ ਵੀ ਚੜੇ ਹਨ। ਜਥੇ. ਜ਼ੀਰਾ ਨੇ ਕਿਹਾ ਕਿ ਕੁਝ ਸੇਮ ਨਾਲਿਆਂ ਦਾ ਕੰਮ ਮੌਜੂਦਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ। ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ।  


Related News