ਭਲਕੇ ਹਜ਼ਾਰਾਂ ਕਿਸਾਨ ਪੰਜਾਬ ਤੋਂ ਪਹਿਲਵਾਨਾਂ ਦੇ ਸਮਰਥਨ ਲਈ ਦਿੱਲੀ ਦੇ ਜੰਤਰ-ਮੰਤਰ ਪੁੱਜਣਗੇ
Sunday, May 07, 2023 - 12:43 PM (IST)
ਮੋਗਾ (ਗੋਪੀ ਰਾਊਕੇ) : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪੰਜਾਬ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਜਸਵੀਰ ਸਿੰਘ ਸਿੱਧੂਪੁਰ, ਕਾਕਾ ਸਿੰਘ ਕੋਟੜਾ, ਮੇਹਰ ਸਿੰਘ ਥੇੜੀ, ਮਾਨ ਸਿੰਘ ਰਾਜਪੁਰਾ ਦੀ ਪ੍ਰਧਾਨਗੀ ਵਿਚ ਹੋਈ। ਜਗਜੀਤ ਸਿੰਘ ਡੱਲੇਵਾਲ ਨੇ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਹਜ਼ਾਰਾਂ ਕਿਸਾਨਾ ਦਾ ਜਥਾ 8 ਮਈ ਨੂੰ ਦਿੱਲੀ ਜੰਤਰ-ਮੰਤਰ ’ਤੇ ਇਨਸਾਫ ਲੈਣ ਦੀ ਖਾਤਿਰ 23 ਅਪ੍ਰੈਲ ਤੋਂ ਧਰਨੇ ਉੱਪਰ ਬੈਠੀਆਂ ਸਾਡੀਆਂ ਬੱਚੀਆਂ ਅਤੇ ਸਾਡੇ ਦੇਸ਼ ਦੇ ਲਈ ਅੰਤਰ ਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ਵਾਲੇ ਪਹਿਲਵਾਨਾਂ ਦੇ ਸਮਰਥਨ ਲਈ ਦਿੱਲੀ ਜੰਤਰ ਮੰਤਰ ਪਹੁੰਚਣਗੇ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਨਾਅਰਾ ਤਾਂ ਦਿੰਦੇ ਹਨ ਪਰ ਆਪਣੇ ਮੈਂਬਰ ਆਫ ਪਾਰਲੀਮੈਂਟ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਉੱਪਰ ਮਹਿਲਾ ਪਹਿਲਵਾਨਾਂ ਦੇ ਯੌਨ ਸ਼ੋਸ਼ਣ ਦੇ ਗੰਭੀਰ ਅਰੋਪ ਹੋਣ ਦੇ ਬਾਵਜੂਦ ਉਸ ਉੱਪਰ ਕਾਰਵਾਈ ਕਰਨ ਦੀ ਬਜਾਏ ਚੁੱਪ ਹਨ ਅਤੇ ਸਾਡੇ ਦੇਸ਼ ਦਾ ਸਾਰੀ ਦੁਨੀਆਂ ’ਚ ਨਾਂ ਰੌਸ਼ਨ ਕਰਨ ਵਾਲੀਆ ਸਾਡੀਆਂ ਬੱਚੀਆਂ ਦੇ ਦੋਸ਼ੀ ਉੱਪਰ ਮੁਕੱਦਮਾ ਵੀ ਮਾਣਯੋਗ ਸੁਪਰੀਮ ਕੋਰਟ ਦੇ ਅਦੇਸ਼ਾਂ ਤੋਂ ਬਾਅਦ ਹੀ ਮੁਕੱਦਮਾ ਦਰਜ ਹੋਇਆ ਹੈ।
ਬ੍ਰਿਜ ਭੂਸ਼ਨ ਸ਼ਰਨ ਦੇ ਉੱਪਰ ਪਾਸਕੋ ਐਕਟ ਵਰਗੀਆਂ ਅਤਿ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹੋਣ ਦੇ ਬਾਵਜੂਦ ਵੀ ਆਰੋਪੀ ਬ੍ਰਿਜ ਭੂਸ਼ਨ ਸ਼ਰਨ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਇਸ ਦੇ ਇਲਾਵਾ ਬ੍ਰਿਜ ਭੂਸ਼ਣ ਸ਼ਰਨ ਉੱਪਰ 302,307 ਆਰਮਸ ਐਕਟ, ਗੈਂਗਸਟਰ ਐਕਟ ਵਰਗੀਆਂ ਗੰਭੀਰ ਧਾਰਾਵਾਂ ਵਿਚ ਅਨੇਕਾਂ ਮਾਮਲੇ ਪਹਿਲਾਂ ਤੋਂ ਦਰਜ ਹਨ ਅਤੇ ਐਨੇ ਸੰਗੀਨ ਮਾਮਲੇ ਦਰਜ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਉਸ ਉਪਰ ਕੋਈ ਵੀ ਕਾਰਵਾਈ ਅਤੇ ਉਸ ਦੀ ਗ੍ਰਿਫਤਾਰੀ ਨਾ ਕਰਨਾ ਕੇਂਦਰ ਸਰਕਾਰ ਦੀ ਮਨਸ਼ਾ ਨੂੰ ਜੱਗ ਜ਼ਾਹਰ ਕਰਦਾ ਹੈ।