ਬੀਕੇਯੂ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਟੋਲ ਪਲਾਜ਼ੇ ਲਈ ਬਣਿਆ ਖੂਨੀ ਡਿਵਾਈਡਰ ਪੁੱਟਿਆ
Tuesday, Oct 19, 2021 - 01:55 PM (IST)
ਸੁਨਾਮ(ਬਾਸਲ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਸੁਨਾਮ, ਦਿੜ੍ਹਬਾ ਤੇ ਸੰਗਰੂਰ ਹਲਕੇ ਦੇ ਕਿਸਾਨਾਂ ਤੇ ਨੋਜਵਾਨਾਂ ਨੇ ਇਕੱਠੇ ਹੋਕੇ ਸੁਨਾਮ-ਪਟਿਆਲਾ ਰੋਡ ਤੇ ਪਿੰਡ ਸੰਜੂਮਾ ਕੋਲ ਟੋਲ ਪਲਾਜ਼ੇ ਲਈ ਬਣੇ ਡਿਵਾਈਡਰ ਨੂੰ ਪੁੱਟ ਦਿੱਤਾ। ਰਾਹਗੀਰਾਂ ਦੀ ਜਾਨ ਲਈ ਕਾਲ ਬਣੇ ਇਸ ਡਿਵਾਈਡਰ ਨੂੰ ਪੁੱਟਣ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਵੀ ਡਟਵਾਂ ਸਾਥ ਦਿੱਤਾ। ਇਕੱਠੇ ਹੋਏ ਕਿਸਾਨਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਇਸ ਡਿਵਾਈਡਰ ’ਤੇ ਹੋਏ ਹਾਦਸਿਆਂ ਕਾਰਨ ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਸੈਂਕੜੇ ਲੋਕਾਂ ਦੇ ਇਸ ਨਾਲ ਐਕਸੀਡੈਂਟ ਹੋ ਕੇ ਲੱਤਾਂ ਬਾਹਾਂ ਕੱਟੀਆਂ ਗਈਆਂ ਅਤੇ ਉਹ ਲੋਕ ਜ਼ਿੰਦਗੀ ਭਰ ਲਈ ਸੰਗਰੂਰ ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਅਪਾਹਿਜ ਹੋ ਗਏ।
ਚੱਠਾ ਨੇ ਕਿਹਾ ਕਿ ਇਹ ਮਾਮਲਾ ਅਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਡੀਸੀ ਸੰਗਰੂਰ ਤੇ ਐਸ ਡੀ ਐਮ ਸੁਨਾਮ ਦੇ ਅੱਜ ਤੋਂ 3-4 ਸਾਲ ਪਹਿਲਾਂ ਧਿਆਨ ਵਿਚ ਲਿਆ ਚੁੱਕੇ ਹਾਂ ਅਤੇ ਹਲਕੇ ਦੇ ਲੋਕ ਮੰਗ ਪੱਤਰ ਦੇ-ਦੇ ਕੇ ਥੱਕ ਚੁੱਕੇ ਹਨ ਪਰ ਪ੍ਰਸ਼ਾਸਨ ਅਤੇ ਕਾਂਗਰਸ ਸਰਕਾਰ ਆਪਣੀ ਕੁੰਭਕਰਨੀ ਨੀਂਦ ’ਚੋਂ ਨਹੀਂ ਜਾਗੀ। ਜ਼ਿਲ੍ਹਾ ਮੀਤ ਪ੍ਰਧਾਨ ਗੁਰਬਖਸ਼ੀਸ਼ ਬਾਲਦ ਕਲਾਂ, ਗੁਰਪਿਆਰ ਸਿੰਘ ਚੱਠਾ,ਰਾਜ ਸਿੰਘ ਖਾਲਸਾ ਦੋਲੇਵਾਲ,ਹਰੀ ਸਿੰਘ ਚੱਠਾ,ਭੀਮ ਸਿੰਘ ਕੜਿਆਲ, ਮੱਖਣ ਸਿੰਘ ਰਟੋਲ ਨੇ ਕਿਹਾ ਕਿ ਅੱਗੇ ਸਰਦੀਆਂ ’ਚ ਧੁੰਦ ਦਾ ਮੌਸਮ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਹਜ਼ਾਰਾਂ ਹੋਰ ਘਰਾਂ ਵਿਚ ਸੱਥਰ ਵਿਛਣ ਇਸ ਕਰਕੇ ਅਸੀਂ ਮਜਬੂਰੀ ਵੱਸ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿਚ ਟੋਲ ਪਲਾਜ਼ੇ ਲਈ ਬਣੇ ਬੋਲੋੜੇ ਡਿਵਾਈਡਰ ਨੂੰ ਪੁੱਟ ਦਿੱਤਾ ਹੈ।
ਇਸ ਮੌਕੇ ਸਰਪੰਚ ਗੁਰਮੁੱਖ ਸਿੰਘ ਮਹਿਲਾ ਚੌਕ, ਦਲੇਲ ਸਿੰਘ ਚੱਠਾ, ਬੀਕੇਯੂ ਏਕਤਾ ਰਾਜੇਵਾਲ ਦੇ ਦਲਵਾਰਾ ਸਿੰਘ, ਸੁਖਵੀਰ ਸਿੰਘ ਦੁੱਲਟ,ਬੁੱਧ ਸਿੰਘ ਦੁੱਲਟ, ਮਹਿਲਾ,ਜੀਵਨ ਸਿੰਘ ਚੱਠਾ, ਗੋਬਿੰਦ ਸਿੰਘ ਬਿੱਲਾ ਜਖੇਪਲ, ਜਸਵੀਰ ਸਿੰਘ ਜੇਜੀ, ਹਰਵਿੰਦਰ ਸਿੰਘ ਭੋਲਾ ਨੀਲੋਵਾਲ,ਗੋਪੀ ਸਿੰਘ ਦੋਲੇਵਾਲ,ਲਾਡੀ ਦੋਲੇਵਾਲ, ਭੋਲਾ ਸਿੰਘ ਸਾਦਹਿਰੀ,ਨਰੰਜਣ ਸਿੰਘ ਸੇਰੋਂ, ਸੁਖਵਿੰਦਰ ਸਿੰਘ ਪਿੰਕੀ ਨਮੋਲ,ਕਰਮ ਸਿੰਘ ਨਮੋਲ, ਕੁਲਵੀਰ ਸਿੰਘ ਸਿੰਘਪੁਰਾ, ਨਿਰਮਲ ਸਿੰਘ ਨਾਗਰੀ, ਸੁਖਜੀਤ ਸਿੰਘ ਘੁਮਾਣ ਸੰਜੂਮਾਂ, ਭੂਰਾ ਸਿੰਘ ਸਲੇਮਗੜ, ਅਵਤਾਰ ਸਿੰਘ ਝਨੇੜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਤੇ ਨੌਜਵਾਨ ਹਾਜ਼ਰ ਸਨ।