ਸਿਰ ਚੜ੍ਹੇ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Saturday, Oct 24, 2020 - 05:24 PM (IST)
ਸੰਗਤ ਮੰਡੀ (ਮਨਜੀਤ) : ਪਿੰਡ ਮਹਿਤਾ ਵਿਖੇ ਢਾਣੀ 'ਚ ਰਹਿੰਦੇ ਇਕ ਮੱਧਵਰਗੀ ਕਿਸਾਨ ਵੱਲੋਂ ਨਰਮੇ ਦੀ ਫ਼ਸਲ ਖ਼ਰਾਬ ਅਤੇ ਕਰਜ਼ ਤੋਂ ਤੰਗ ਆ ਕੇ ਖ਼ੇਤ 'ਚ ਬਣੇ ਕਮਰੇ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੂਟਾ ਸਿੰਘ (42) ਪੁੱਤਰ ਨੱਥਾ ਸਿੰਘ ਕੋਲ ਚਾਰ ਏਕੜ ਜ਼ਮੀਨ ਸੀ, ਬਾਕੀ ਜ਼ਮੀਨ ਉਹ ਠੇਕੇ 'ਤੇ ਲੈ ਕੇ ਵਾਹੀ ਕਰਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਨੇ ਵੱਖ-ਵੱਖ ਕਈ ਬੈਂਕਾਂ ਦਾ ਕਰਜ਼ ਦੇਣਾ ਸੀ। ਬੂਟਾ ਸਿੰਘ ਨਰਮੇ ਦੀ ਫ਼ਸਲ ਖ਼ਰਾਬ ਰਹਿਣ ਅਤੇ ਸਿਰ ਚੜ੍ਹੇ ਕਰਜ਼ ਕਾਰਨ ਪਿੱਛਲੇ ਕਈ ਦਿਨ੍ਹਾਂ ਤੋਂ ਮਾਨਸਿਕ ਪ੍ਰੇਸ਼ਾਨ ਚੱਲਦਾ ਆ ਰਿਹਾ ਸੀ।
ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੀ ਵਾਰਦਾਤ, ਸਕੇ ਭਰਾ ਦੇ ਸਿਰ 'ਚ ਕੁਹਾੜੀ ਮਾਰ ਕੇ ਕੀਤਾ ਕਤਲ
ਇਸੇ ਪ੍ਰੇਸ਼ਾਨੀ ਕਾਰਨ ਹੀ ਉਸ ਨੇ ਖ਼ੇਤ 'ਚ ਬਣੇ ਮੋਟਰ ਵਾਲੇ ਕਮਰੇ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਵੱਲੋਂ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਪੋਸਟ ਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਮ੍ਰਿਤਕ ਬੂਟਾ ਸਿੰਘ ਦੇ ਭਰਾ ਸੁਖਵਿੰਦਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ। ਅਚਨਚੇਤ ਵਾਪਰੀ ਘਟਨਾ ਕਾਰਨ ਸਮੁੱਚੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਕੁੱਝ ਸਾਲ ਪਹਿਲਾ ਮ੍ਰਿਤਕ ਬੂਟਾ ਸਿੰਘ ਦੇ ਪਿਤਾ ਦੀ ਵੀ ਬੇਸਹਾਰਾ ਪਸ਼ੂ ਨਾਲ ਟਕਰਾ ਕੇ ਮੌਤ ਹੋ ਗਈ ਸੀ।