ਕਿਸਾਨਾਂ ਨੇ ਬੁਢਲਾਡਾ ਦਾ ਰਿਲਾਇੰਸ ਪੰਪ ਘੇਰਿਆ, ਅਣਮਿਥੇ ਸਮੇਂ ਲਈ ਧਰਨਾ ਸ਼ੁਰੂ
Saturday, Oct 03, 2020 - 04:26 PM (IST)
ਬੁਢਲਾਡਾ (ਬਾਂਸਲ) : ਕੇਂਦਰ ਸਰਕਾਰ ਵੱਲੋਂ ਲਿਆਦੇਂ ਖੇਤੀ ਕਾਨੂੰਨਾਂ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਜਿਥੇ ਕਿਸਾਨਾਂ ਦਾ ਮੋਦੀ ਸਰਕਾਰ ਪ੍ਰਤੀ ਰੋਹ ਵੱਧਦਾ ਜਾ ਰਿਹਾ ਹੈ, ਉਥੇ ਹੀ ਹੁਣ ਉਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਪੰਜਾਬ ਅੰਦਰਲੇ ਕਾਰੋਬਾਰ ਬੰਦ ਕਰਨ ਵੱਲ ਵੀ ਆਪਣਾ ਰੁੱਖ ਕਰ ਲਿਆ ਹੈ। ਇਸੇ ਸਿਲਸਿਲੇ ਤਹਿਤ ਅੱਜ 31 ਕਿਸਾਨ ਜਥੇਬੰਦੀਆ ਦੇ ਸੱਦੇ 'ਤੇ ਜ਼ਿਲ੍ਹੇ ਭਰ ਅੰਦਰ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਸੰਘਰਸ਼ਾਂ ਦੌਰਾਨ ਅੱਜ ਕਿਸਾਨ ਯੂਨੀਅਨ ਏਕਤਾ (ਡਕੌਦਾ), ਕਿਸਾਨ ਯੁਨੀਅਨ (ਰਾਜੇਵਾਲ) ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਕਾਰਕੂੰਨਾਂ ਵੱਲੋਂ ਅੱਜ ਬੁਢਲਾਡਾ ਸਥਿਤ ਰਿਲਾਂਇੰਸ ਪੈਟਰੋਲ ਪੰਪ ਅੱਗੇ ਅਣਮਿਥੇ ਸਮੇਂ ਲਈ ਧਰਨਾਂ ਸ਼ੁਰੂ ਕਰ ਦਿੱਤਾ ਹੈ।
ਸਵੇਰ ਸਮੇਂ ਤੋਂ ਹੀ ਪੰਪ ਦੇ ਦੋਵੇਂ ਰਸਤਿਆਂ ਅੱਗੇ ਟਰੈਕਟਰ ਟਰਾਲੀਆਂ ਲਗਾ ਕੇ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ।ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਬਲਾਕ ਪ੍ਰਧਾਨ ਸੱਤਪਾਲ ਸਿੰਘ ਵਰੇ, ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ, ਬਲਾਕ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਅਹਿਮਦਪੁਰ, ਬਲਾਕ ਮੀਤ ਪ੍ਰਧਾਨ ਲਛਮਣ ਸਿੰਘ ਚੱਕ ਅਲੀਸ਼ੇਰ, ਪ੍ਰੈਸ ਸਕੱਤਰ ਤਰਨਜੀਤ ਸਿੰਘ ਆਲਮਪੁਰ ਮੰਦਰਾਂ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬਾਜਵਾ, ਮੇਵਾ ਸਿੰਘ ਕੁਲਾਣਾ, ਦਿਲਬਾਗ ਸਿੰਘ ਗੱਗੀ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਗੁਰਨੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਆਦਿ ਆਗੂਆ ਨੇ ਕਿਹਾ ਡੂੰਘੀ ਆਰਥਿਕ ਮੰਦਹਾਲੀ 'ਚੋਂ ਲੰਘ ਰਹੀ ਕਿਸਾਨੀ ਨੂੰ ਇਹ ਕਾਨੂੰਨ ਤਬਾਹ ਕਰਕੇ ਰੱਖ ਦੇਣਗੇ ਅਤੇ ਹੁਣ ਕਿਸਾਨਾਂ ਨੇ ਇਰਾਦਾ ਕਰ ਲਿਆ ਹੈ ਕਿ ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਉਸਦੇ ਖਾਸਮਖਾਸ ਅੰਡਾਨੀ-ਅੰਬਾਨੀਆਂ ਦੇ ਕਾਰੋਬਾਰ ਵੀ ਠੱਪ ਕਰਕੇ ਰੱਖ ਦੇਣਗੇ।ਇਥੇ ਜਾਰੀ ਧਰਨੇ ਦੌਰਾਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਵੀ ਆਪਣੇ ਸਾਥੀਆਂ ਸਮੇਤ ਹਾਜ਼ਰੀ ਲਗਵਾਈ ।