ਸੱਤਾ ਦੇ ਨਸ਼ੇ ’ਚ ਚੂਰ ਮੋਦੀ ਸਰਕਾਰ ਹੋਰ ਕਿੰਨੇ ਕਿਸਾਨਾਂ ਦੀ ਜਾਨ ਲਵੇਗੀ : ਸੰਦੋਆ
Friday, Dec 18, 2020 - 05:44 PM (IST)
ਨੂਰਪੁਰਬੇਦੀ (ਭੰਡਾਰੀ/ਤਰਨਜੀਤ) : ਸੱਤਾ ਦੇ ਨਸ਼ੇ ’ਚ ਚੂਰ ਤੇ ਕੇਂਦਰ ਦੀ ਗੱਦੀ ’ਤੇ ਬਿਰਾਜਮਾਨ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਨਜ਼ਰ-ਅੰਦਾਜ਼ ਕਰਕੇ ਲਗਾਤਾਰ ਆਪਣਾ ਅੜੀਅਲ ਰਵੱਈਆ ਅਖਤਿਆਰ ਕਰਕੇ ਬੈਠੀ ਹੋਈ ਹੈ। ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਵਿਰੁੱਧ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਵੱਖ-ਵੱਖ ਮੋਰਚਿਆਂ ’ਤੇ ਕਿਸਾਨੀ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨ ਲਗਾਤਾਰ ਅਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਦੇਸ਼ ਦੇ ਸੂਝਵਾਨ ਨਾਗਰਿਕਾਂ ਦੀ ਸਮਝ ਤੋਂ ਪਰੇ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦਾ ਸਮੁੱਚਾ ਮੰਤਰੀ ਮੰਡਲ ਕਦੋਂ ਅਪਣੀ ਜ਼ਿੱਦ ਨੂੰ ਛੱਡੇਗਾ ਤਾਂ ਜੋ ਸਰਦੀਆਂ ਦੀ ਰੁੱਤ ’ਚ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਕੀਮਤੀ ਜਾਨਾਂ ਵਚ ਸਕਣ। ਉਕਤ ਵਿਚਾਰ ਦਿੱਲੀ ਵਿਖੇ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ’ਚ ਡਟੇ ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ‘ਜਗ ਬਾਣੀ’ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਦਿੱਲੀ ’ਚ ਬੀਤੇ 22 ਦਿਨਾਂ ਤੋਂ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਧਰਨੇ ’ਤੇ ਡਟੇ ਹੋਏ ਹਨ ਤੇ ਇਸ ਅੰਦੋਲਨ ਦੌਰਾਨ ਹੁਣ ਤਕ ਪੰਜਾਬ ਦੇ ਵੱਖ-ਵੱਖ ਖਿੱਤਿਆਂ ਨਾਲ 22 ਕਿਸਾਨ ਆਪਣੀ ਕੀਮਤੀ ਜਾਨ ਗਵਾ ਚੁੱਕੇ ਹਨ। ਇਨ੍ਹਾਂ ਕਿਸਾਨਾਂ ’ਚ 75 ਸਾਲ ਦੇ ਬਜ਼ੁਰਗ ਤੋਂ ਲੈ ਕੇ 16 ਸਾਲ ਦੇ ਨੌਜਵਾਨ ਸ਼ਾਮਲ ਹਨ ਪਰ ਇਸਦੇ ਬਾਵਜੂਦ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਅਜੇ ਵੀ ਤਿਆਰ ਨਹੀਂ ਹੈ ਤੇ ਉਨ੍ਹਾਂ ਦੇ ਸਵਰ ਦਾ ਇਮਤਿਹਾਨ ਲਿਆ ਜਾ ਰਿਹਾ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਜਨਤਾ ਨਾਲ ਨਹੀਂ ਸਗੋਂ ਆਪਣੀ ਈਗੋ ਤੇ ਸੱਤਾ ਨਾਲ ਪਿਆਰ ਹੈ। ਵਿਧਾਇਕ ਸੰਦੋਆ ਨੇ ਦੱਸਿਆ ਕਿ ਕਿਸਾਨੀ ਮੋਰਚੇ ਦੌਰਾਨ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਰੋਜ਼ਾਨਾ ਪੰਜਾਬ ਅਤੇ ਹੋਰਨਾਂ ਰਾਜਾਂ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰੀ ਗਿਣਤੀ ’ਚ ਕਿਸਾਨ ਅਪਣੇ ਪਰਿਵਾਰਾਂ ਸਹਿਤ ਦਿੱਲੀ ਬਾਰਡਰ ’ਤੇ ਪਹੁੰਚਕੇ ਸੰਘਰਸ਼ ’ਚ ਹਿੱਸਾ ਲੈ ਰਹੇ ਹਨ।
ਇਸਦੇ ਨਾਲ ਹੀ ਕਿਸਾਨਾਂ ਲਈ ਵੱਖ-ਵੱਖ ਸੰਗਠਨਾਂ ਤੇ ਕਿਸਾਨ ਪਰਿਵਾਰਾਂ ਵੱਲੋਂ ਅਨਾਜ ਤੇ ਹੋਰ ਲੋੜੀਂਦੀ ਸਮੱਗਰੀ ਵੀ ਭਿਜਵਾਈ ਜਾ ਰਹੀ ਹੈ। ਵਿਧਾਇਕ ਸੰਦੋਆ ਨੇ ਕਿਹਾ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਉਕਤ ਖੇਤੀ ਕਾਨੂੰਨ ਵਾਪਿਸ ਲਵੇ ਤਾਂ ਜੋ ਦੇਸ਼ ਤੇ ਕਿਸਾਨਾਂ ਦਾ ਭਲਾ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਕਿਸਾਨ ਆਗੂ ਤੇ ਪਾਰਟੀ ਦੇ ਹੋਰ ਵਿਧਾਇਕ ਵੀ ਹਾਜ਼ਰ ਸਨ।