ਕਰਜ਼ੇ ਤੋਂ ਦੁਖੀ ਕਿਸਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Monday, Oct 14, 2019 - 06:41 PM (IST)

ਕਰਜ਼ੇ ਤੋਂ ਦੁਖੀ ਕਿਸਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਮੋਗਾ (ਗੋਪੀ ਰਾਊਕੇ) : ਪੰਜਾਬ ਸਰਕਾਰ ਵੱਲੋਂ ਭਾਂਵੇ ਕਿਸਾਨ ਕਰਜ਼ਾ ਮੁਆਫੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਸੱਚਾਈ ਤਾਂ ਇਹ ਹੈ ਕਰਜ਼ੇ ਦੀ ਮਾਰ ਹੇਠ ਆਇਆ ਪੰਜਾਬ ਦਾ ਕਿਸਾਨ ਅੱਜ ਵੀ ਖੁਦਕੁਸ਼ੀਆਂ ਕਰ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਜ਼ਿਲੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬੁਰਜ ਹਮੀਰਾ ਦਾ ਸਾਹਮਣੇ ਆਇਆ ਹੈ, ਜਿੱਥੇ ਕਰਜ਼ੇ ਦੇ ਦੈਂਤ ਨੇ ਇਕ ਹੋਰ ਕਿਸਾਨ ਨੂੰ ਨਿਗਲ ਲਿਆ। ਪਿੰਡ ਬੁਰਜ ਹਮੀਰਾ ਦੇ ਗੁਰਨਾਮ ਸਿੰਘ (50) ਨੇ ਪੰਜਾਬ ਐਂਡ ਸਿੰਧ ਬੈਂਕ ਤੋਂ 10 ਲੱਖ ਦੀ ਲਿਮਟ ਬਣਵਾਈ ਸੀ।ਪ੍ਰੰਤੂ ਸਾਰੇ ਪੈਸੇ ਪਤਨੀ ਦੀ ਬਿਮਾਰੀ ਅਤੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਹੋ ਗਏ, ਜਿਸ ਕਰਕੇ ਗੁਰਨਾਮ ਸਿੰਘ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ। ਇਸੇ ਦੇ ਚੱਲਦੇ ਬੀਤੀ ਰਾਤ ਅਚਾਨਕ ਉਹ ਘਰ ਦੀ ਕੰਧ ਟੱਪ ਕੇ ਨੇੜੇ ਹੀ ਕਿਸੇ ਦੀ ਮੋਟਰ 'ਤੇ ਗਿਆ ਅਤੇ ਟਾਹਲੀ ਦੇ ਦਰੱਖਤ 'ਤੇ ਪਰਨੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਸੂਚਨਾ ਮਿਲਦੇ ਹੀ ਥਾਣਾ ਨਿਹਾਲ ਸਿੰਘ ਵਾਲਾ ਦੇ ਐੱਸ.ਐੱਚ.ਓ. ਜਸਵੰਤ ਸਿੰਘ ਅਤੇ ਚੌਂਕੀ ਦੀਨਾ ਸਾਹਿਬ ਦੇ ਇੰਚਾਰਜ ਰਾਮ ਲੁਭਾਇਆ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭਿਜਵਾ ਦਿੱਤਾ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਨਿਹਾਲ ਸਿੰਘ ਵਾਲਾ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।


author

Gurminder Singh

Content Editor

Related News