ਕਿਸਾਨਾਂ ਦੇ ਪੱਕੇ ਪ੍ਰਬੰਧ, 30 ਹਜ਼ਾਰ ਦੀ ਲਾਗਤ ਨਾਲ ਤਿਆਰ ਕੀਤੀਆਂ ਏ. ਸੀ. ਵਾਲੀਆਂ ਹਾਈਟੈੱਕ ਟਰਾਲੀਆਂ (ਤਸਵੀਰਾਂ)
Saturday, Mar 13, 2021 - 06:57 PM (IST)
ਬਨੂੜ (ਗੁਰਪਾਲ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਪਾਸ ਕੀਤੇ ਕਾਨੂੰਨਾਂ ਵਿਰੁੱਧ ਸੂਬੇ ਦੇ ਕਿਸਾਨਾਂ ਦਾ ਗੁੱਸਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਿੰਘੂ ਬਾਰਡਰ 'ਤੇ ਕਿਸਾਨਾਂ ਵੱਲੋਂ ਆਪਣੇ ਪੱਕੇ ਟਿਕਾਣੇ ਤੇ ਹੋਰ ਜ਼ਰੂਰੀ ਸਾਮਾਨ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ। ਗਰਮੀ ਤੋਂ ਬਚਣ ਲਈ ਕਿਸਾਨਾਂ ਨੇ ਕਾਨਿਆਂ ਦੀਆਂ ਛੰਨਾ, ਟੀਨਾ ਦੇ ਪੱਕੇ ਸ਼ੈੱਡ ਤੇ ਟਰਾਲੀਆਂ ਵਿਚ ਏ. ਸੀ ਲਵਾਉਣੇ ਸ਼ੁਰੂ ਕਰ ਦਿੱਤੇ ਹਨ। ਏ. ਸੀ. ਲਗਾਉਣ ਬਾਰੇ ਜਾਣਕਾਰੀ ਦਿੰਦੇ ਹੋਏ ਬਨੂੜ ਇਲਾਕੇ ਦੇ ਉੱਘੇ ਸਮਾਜ ਸੇਵੀ ਖਜ਼ਾਨ ਸਿੰਘ ਹੁਲਕਾ, ਸਰਪੰਚ ਕੁਲਵੰਤ ਸਿੰਘ ਬਰਿਆਲੀ ਤੇ ਸਰਪੰਚ ਮਨਜੀਤ ਸਿੰਘ ਹੁਲਕਾ ਨੇ ਦੱਸਿਆ ਕਿ ਗਰਮੀ ਤੋਂ ਬਚਣ ਲਈ ਉਨ੍ਹਾਂ ਨੇ ਸਾਰੀਆਂ ਟਰਾਲੀਆਂ ਦੀ ਸੀਲਿੰਗ ਕਰਵਾ ਕੇ ਇਨ੍ਹਾਂ ਵਿਚ ਏ. ਸੀ. ਫਿੱਟ ਕਰਵਾ ਦਿੱਤੇ ਹਨ ।ਉਨ੍ਹਾਂ ਦੱਸਿਆ ਕਿ ਪ੍ਰਤੀ ਟਰਾਲੀ ਤੀਹ ਹਜ਼ਾਰ ਰੁਪਏ ਦੇ ਕਰੀਬ ਖਰਚਾ ਆਇਆ ਹੈ ।
ਇਹ ਵੀ ਪੜ੍ਹੋ : ਭੋਲੇ ਦੇ ਭਗਤਾਂ ਲਈ ਵੱਡੀ ਖ਼ੁਸ਼ਖਬਰੀ, 28 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ
ਇਸੇ ਤਰ੍ਹਾਂ ਕਾਨਿਆਂ ਦੀਆਂ ਛੰਨਾ ਤੇ ਟੀਨਾ ਦੇ ਪੱਕੇ ਸ਼ੈੱਡ ਬਣਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਟੀ. ਵੀ, ਐੱਲ. ਈ. ਡੀ, ਡਿੱਸ਼ ,ਪੱਖੇ ਤੇ ਕੂਲਰਾਂ ਦਾ ਵਿਸੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ। ਗੱਲਬਾਤ ਕਰਦਿਆਂ ਸੁਖਵਿੰਦਰ ਬੱਲਾ ਕੁਰੜੀ, ਗੁਰਜੰਟ ਸਿੰਘ ਬੜੀ, ਨੰਬੜਦਾਰ ਸੱਤਾ ਖਲੌਰ, ਛਿੰਦਾ ਕੁਰੜੀ, ਲਾਲਾ ਬੜੀ, ਗਗਨ ਸ਼ੰਭੂ, ਦਲਜੀਤ ਵਿੱਕੀ, ਹਰਮਨਜੀਤ ਸ਼ੰਭੂ ਕਲਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨਾਂ ਨੇ ਦੱਸਿਆ ਕਿ ਮੋਦੀ ਦੇ ਅੜੀਅਲ ਤੇ ਹੰਕਾਰੀ ਵਤੀਰੇ ਕਾਰਨ ਉਨ੍ਹਾਂ ਨੇ ਆਪਣੇ ਪੱਕੇ ਰੈਣ-ਬਸੇਰੇ ਬਣਾ ਕੇ ਆਪਣੇ ਪੱਕੇ ਦ੍ਰਿੜ੍ਹ ਇਰਾਦੇ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ ਉਹ ਹਰ ਹੀਲੇ ਖੇਤੀ ਮਾਰੂ ਕਾਨੂੰਨ ਵਾਪਸ ਕਰਵਾ ਕੇ ਹੀ ਦਮ ਲੈਣਗੇ। ਜਿੰਨਾ ਚਿਰ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਹ ਉਦੋਂ ਤੱਕ ਦਿੱਲੀ ਦੇ ਬਾਰਡਰਾਂ 'ਤੇ ਹੀ ਟਿਕੇ ਰਹਿਣਗੇ ਚਾਹੇ ਇਸ ਲਈ ਉਨ੍ਹਾਂ ਨੂੰ ਕਿੰਨਾ ਵੀ ਸਮਾਂ ਆਪਣਾ ਘਰ ਬਾਰ ਛੱਡ ਕੇ ਇੱਥੇ ਬੈਠੇ ਰਹਿਣਾ ਪਵੇ ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ, ਜਾਣੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਸਮਾਜ ਸੇਵੀ ਖਜ਼ਾਨ ਸਿੰਘ ਹੁਲਕਾ ਦੀ ਅਗਵਾਈ ਹੇਠ ਇਲਾਕੇ ਦੇ ਨੌਜਵਾਨਾਂ ਵੱਲੋਂ 30 ਨਵੰਬਰ ਤੋਂ ਇਕ ਦਰਜਨ ਦੇ ਕਰੀਬ ਮਸ਼ੀਨਾਂ ਲੈ ਕੇ ਕਿਸਾਨੀ ਮੋਰਚੇ ਵਿਚ ਸ਼ਾਮਲ ਕਿਸਾਨਾਂ ਦੇ ਕੱਪੜੇ ਧੋਣ, ਨਹਾਉਣ ਲਈ ਗਰਮ ਪਾਣੀ ਕਰਕੇ ਦੇਣ, ਪਖਾਨੇ ਦੀ ਸਹੂਲਤ ਤੋਂ ਇਲਾਵਾ ਹੁਣ ਗਰਮੀ ਤੋਂ ਬਚਣ ਲਈ ਵੱਡਾ ਆਰ. ਓ. ਸਿਸਟਮ ਜੋ ਕੇ ਠੰਢਾ ਪਾਣੀ ਕਰਕੇ ਦੇਵੇਗਾ ਵੀ ਲਗਾਇਆ ਗਿਆ। ਇਹ ਨੌਜਵਾਨ ਜ਼ਿਆਦਾਤਰ ਸਿੰਘੂ ਬਾਰਡਰ 'ਤੇ ਹੀ ਰਹਿੰਦੇ ਹਨ।
ਇਹ ਵੀ ਪੜ੍ਹੋ : ਵੱਡੇ ਬਾਦਲ ਦੇ ਗਿੱਦੜਬਾਹਾ ਤੇ ਸੁਖਬੀਰ ਦੇ ਲੰਬੀ ਤੋਂ ਚੋਣ ਲੜਨ ਦੇ ਚਰਚੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?