ਸਬਜ਼ੀਆਂ ਦਾ ਮੁੱਲ ਨਿਰਧਾਰਿਤ ਕਰੇ ਤਾਂ ਕਿਸਾਨ ਸਰਕਾਰ ਦੀ ਹਰ ਸ਼ਰਤ ਮੰਨਣ ਨੂੰ ਤਿਆਰ: ਕਿਸਾਨ ਆਗੂ

05/14/2020 1:10:26 PM

ਬੋਹਾ (ਮਨਜੀਤ): ਕੋਰੋਨਾ ਦੇ ਚੱਲਦੇ ਕਿਸਾਨਾਂ ਅੱਗੇ ਸਬਜ਼ੀਆਂ ਦਾ ਸੰਕਟ ਵੀ ਖੜ੍ਹਾ ਹੋ ਗਿਆ ਹੈ। ਕਿਸੇ ਵੇਲੇ ਧੜਾ-ਧੜ ਵਿਕਣ ਵਾਲੀਆਂ ਸਬਜ਼ੀਆਂ ਅੱਜ ਮੰਦੀ ਦੀ ਮਾਰ ਹੇਠ ਹਨ। ਕੋਰੋਨਾ ਮਹਾਮਾਰੀ ਨੇ ਖੇਤੀ ਧੰਦੇ ਤੇ ਵੱਡੀ ਸੱਟ ਮਾਰੀ ਹੈ। ਕਈ ਕਿਸਾਨਾਂ ਨੇ ਦੱਸਿਆ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੀਟਨਾਸ਼ਕ ਰਹਿਤ ਸਬਜ਼ੀਆਂ ਵੇਚਣ ਅਤੇ ਬੀਜਣ ਲਈ ਤਿਆਰ ਹਨ ਪਰ ਇਸ ਲਈ ਸਰਕਾਰ ਉਨ੍ਹਾਂ ਨੂੰ ਰਿਆਤਾਂ ਅਤੇ ਸਬਜ਼ੀਆਂ ਦਾ ਮੁੱਲ ਨਿਰਧਾਰਤ ਕਰੇ, ਜਿਸ ਨਾਲ ਉਨ੍ਹਾਂ ਦਾ ਖੇਤੀ ਖਰਚਾ ਪੂਰਾ ਹੋਣ ਅਤੇ ਮੁਨਾਫੇ ਦੀ ਕੋਈ ਗੁਜਾਇੰਸ਼ ਬਚ ਸਕੇ। ਪਿੰਡ ਮੱਲ ਸਿੰਘ ਵਾਲਾ ਦੇ ਉੱਘੇ ਕਿਸਾਨ ਬਲਵਿੰਦਰ ਸਿੰਘ, ਕੁਲਦੀਪ ਸਿੰਘ ਗੋਬਿੰਦਪੁਰਾ, ਸੋਹਣਾ ਸਿੰਘ ਕਲੀਪੁਰ, ਬਿੰਦਰ ਸਿੰਘ ਮੰਘਾਣੀਆਂ ਅਤੇ ਜਵਾਹਰਕੇ ਦੇ ਕਿਸਾਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਨੇ ਯੁੱਗ 'ਚ ਵੱਡੀ ਤਬਦੀਲੀ ਲੈ ਕੈ ਆਉਂਦੀ ਹੈ। ਹੁਣ ਇਕ ਤਰ੍ਹਾਂ ਲੋਕਾਂ ਦੀ ਨਵੀਂ ਜ਼ਿੰਦਗੀ ਅਤੇ ਨਵੇਂ ਕਾਰੋਬਾਰ ਸ਼ੁਰੂ ਹੋ ਗਏ ਹਨ।

ਅਜਿਹੇ 'ਚ ਖੇਤੀ ਧੰਦਾ ਵੀ ਚੌਪਟ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਯੁੱਗ ਤਬਦੀਲੀ ਦੇ ਸਮੇਂ 'ਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਬਜ਼ੀਆਂ ਦਾ ਸਰਕਾਰ ਇਕ ਮੁੱਲ ਤੈਅ ਕਰਕੇ ਸਬਜ਼ੀਆਂ ਵੇਚਣ ਦੀ ਇਜਾਜ਼ਤ ਦੇਵੇ ਤਾਂ ਜੋ ਪੰਜਾਬ ਦੇ ਕਿਸਾਨ ਰਵਾਇਤੀ ਖੇਤੀ ਦੇ ਬਦਲ 'ਚ ਸਬਜ਼ੀਆਂ ਬੀਜ ਕੇ ਵਧੀਆ ਖੇਤੀ ਨੂੰ ਆਪਣੇ ਕਾਰੋਬਾਰ ਨਾਲ ਜੋੜ ਸਕਣ। ਜੇਕਰ ਉਨ੍ਹਾਂ ਨੂੰ ਸਰਕਾਰ ਵਲੋਂ ਵਾਜਬ ਰੇਟ ਮਿਲੇਗਾ ਤਾਂ ਇਸ ਨਾਲ ਲੋਕਾਂ ਨੂੰ ਕੀਟਨਾਸ਼ਕ ਰਹਿਤ ਸਬਜ਼ੀਆਂ ਮਿਲਣਗੀਆਂ। ਇਸ ਨਾਲ ਕਿਸਾਨ ਅਤੇ ਆਮ ਲੋਕ ਖੁਸ਼ਹਾਲ ਅਤੇ ਬੀਮਾਰੀਆਂ ਤੋਂ ਆਜ਼ਾਦ ਹੋ ਜਾਣਗੇ।ਉਨ੍ਹਾਂ ਕਿਹਾ ਕਿ ਅੱਜ ਮੰਡੀ ਅੰਦਰ ਕਿਸਾਨ ਜਦੋਂ ਫਸਲ ਲੈ ਕੇ ਆਉਂਦਾ ਹੈ ਤਾਂ ਉਸ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਭਾਅ ਕੋਡੀਆਂ ਦੇ ਭਾਅ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੋਲੀ ਤੇ ਹਰੀ ਮਿਰਚ, ਸ਼ਿਮਲਾ ਮਿਰਚ, ਟਮਾਟਰ, ਗੋਭੀ, ਪੱਤਗੋਭੀ, ਬੈਂਗਣ, ਦੇਸੀ ਕੱਦੂ,  ਟਿੰਡੀਆਂ 5 ਰੁਪਏ ਕਿਲੋ ਹੀ ਮੁੱਲ ਪੈਂਦਾ ਹੈ, ਜਦਕਿ ਪੈਦਾਵਾਰ ਅਤੇ ਤੋੜ-ਤੁੜਾਈ ਤੇ 10 ਰੁਪਏ ਕਿਲੋ ਖਰਚਾ ਪੈ ਰਿਹਾ ਹੈ। ਇਸ ਕਰਕੇ ਸਾਨੂੰ ਨਿਰਾਸ਼ ਹੋਣਾ ਪੈਂਦਾ ਹੈ। ਅਜਿਹੀ ਹਾਲਤ ਵਿੱਚ ਕਿਸਾਨ ਮੁੜ ਸਬਜ਼ੀ ਆਦਿ ਦੀ ਖੇਤੀ ਕਰਨ ਲਈ ਰਾਜੀ ਨਹੀਂ ਹੁੰਦਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹਰ ਸਬਜ਼ੀ ਦਾ ਇੱਕ ਰੇਟ ਨਿਰਧਾਰਿਤ ਕਰੇ ਤਾਂ ਜੋ ਉਸੇ ਰੇਟ ਤੇ ਸਬਜ਼ੀ ਮਾਰਕਿਟ 'ਚ ਧੜਾ-ਧੜ ਵਿਕੇ ਅਤੇ ਕਿਸਾਨ ਸਰਕਾਰ ਨਾਲ ਕੀਤੇ ਗਏ ਵਾਅਦੇ ਮੁਤਾਬਕ ਕੀਟਨਾਸ਼ਕ ਦਵਾਈਆਂ ਤੋਂ ਰਹਿਤ ਸਬਜੀਆਂ ਬੀਜਣ ਦੇ ਰਾਹ ਪੈਣ।


Shyna

Content Editor

Related News