ਐੱਨ. ਜੀ. ਟੀ. ਦੇ ਹੁਕਮਾਂ ਦਾ ਅਸਰ, ਕਿਸਾਨ ਕਰਨ ਲੱਗੇ ਹੈਪੀ ਸੀਡਰ ਦਾ ਉਪਯੋਗ
Tuesday, Oct 03, 2017 - 11:15 AM (IST)
ਜ਼ੀਰਾ (ਅਕਾਲੀਆਂਵਾਲਾ) - ਕਿਸਾਨਾਂ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਮਾਮਲੇ 'ਚ ਐੱਨ. ਜੀ. ਟੀ. ਵੱਲੋਂ ਵਰਤੀ ਜਾ ਰਹੀ ਸਖਤੀ ਦਾ ਅਸਰ ਅਪ੍ਰੈਲ 2017 'ਚ ਕਣਕ ਦੀ ਫਸਲ ਮੌਕੇ ਦੇਖਣ ਨੂੰ ਜ਼ਰੂਰ ਮਿਲਿਆ ਸੀ। ਕਣਕ ਤੋਂ ਤੂੜੀ ਬਣਾਉਣ ਦੇ ਲਈ ਕੁਝ ਹੱਦ ਤੱਕ ਕਿਸਾਨ ਕਣਕ ਦੇ ਨਾੜ ਨੂੰ ਸੰਭਾਲ ਲੈਂਦੇ ਹਨ ਪਰ ਸਭ ਤੋਂ ਵੱਡੀ ਸਮੱਸਿਆ ਝੋਨੇ ਦੀ ਪਰਾਲੀ ਤੋਂ ਆਉਂਦੀ ਹੈ, ਕਿਉਂਕਿ ਇਸ ਨੂੰ ਜ਼ਮੀਨ ਵਿਚ ਖਪਤ ਕਰਨ ਦੇ ਲਈ ਕਈ ਢੰਗ-ਤਰੀਕੇ ਹਨ ਪਰ ਇਲਾਕੇ 'ਚ ਕੁਝ ਕਿਸਾਨ ਇਸ ਸਖਤੀ ਨਾਲ ਸਹਿਮਤ ਹੁੰਦੇ ਹੋਏ ਹੈਪੀ ਸੀਡਰ ਵਰਗੇ ਯੰਤਰ ਲੈ ਆਏ ਹਨ। 126 ਝੋਨੇ ਦੀ ਜਲਦੀ ਤਿਆਰ ਹੋਣ ਵਾਲੀ ਫਸਲ ਦੀ ਕਟਾਈ ਹੋਣ ਕਰਕੇ ਪਿੰਡ ਬੱਗੀ ਪਤਨੀ ਦੇ ਕਿਸਾਨ ਬਲਵਿੰਦਰ ਸਿੰਘ ਸਾਬਕਾ ਸਰਪੰਚ, ਗੁਰਜਿੰਦਰਪਾਲ ਸਿੰਘ ਨੰਬਰਦਾਰ ਨੇ ਆਪਣੇ ਖੇਤਾਂ 'ਚ ਇਸਦਾ ਉਪਯੋਗ ਕੀਤਾ ਹੈ, ਜੋ ਕਿ ਵਧੀਆ ਸਾਬਤ ਹੋ ਰਿਹਾ ਹੈ। ਉਨ੍ਹਾਂ ਦੀ ਪ੍ਰੇਰਨਾ ਸਦਕਾ ਇਲਾਕੇ 'ਚ ਦੋ ਦਰਜਨ ਦੇ ਲਗਭਗ ਹੈਪੀ ਸੀਡਰ ਕਿਸਾਨਾਂ ਵੱਲੋਂ ਲਿਆਏ ਗਏ ਹਨ। ਉਂਝ ਵੀ ਕਿਸਾਨ ਹਰ ਸਾਲ ਕਣਕ ਦੀ ਸਿੱਧੀ ਬਿਜਾਈ ਕਰਦੇ ਹਨ।
ਇਸ ਤਕਨੀਕ ਨੂੰ ਦੇਖਣ ਦੇ ਲਈ ਡਾ. ਸੁਖਦੇਵ ਸਿੰਘ, ਗੁਰਬਖਸ਼ ਸਿੰਘ ਸੇਖੋਂ, ਗੁਰਮੁੱਖ ਸਿੰਘ ਸੰਧੂ ਮੱਲੂਬਾਣੀਆਂ, ਰਾਣਾ ਚਹਿਲ, ਰਣਜੀਤ ਸਿੰਘ ਸਿੱਧੂ, ਗੁਰਜੀਤ ਉਪਲ, ਰਾਜ ਕਾਦਰਵਾਲਾ, ਸਾਬ ਸਿੰਘ, ਸੰਦੀਪ ਬੂਲੇ, ਸੁਖਜਿੰਦਰ ਸਿੰਘ ਸੇਖੋਂ ਆਦਿ ਪੁੱਜੇ, ਜਿਨ੍ਹਾਂ ਨੇ ਵੀ ਇਸ ਕਾਰਜ ਨਾਲ ਸਹਿਮਤੀ ਜਤਾਈ। ਦੂਜੇ ਪਾਸੇ ਕੰਬਾਈਨ ਮਾਲਿਕਾਂ ਦੀ ਯੂਨੀਅਨ ਬਣਨ ਦੇ ਬਾਵਜੂਦ ਵੀ ਕਈ ਕੰਬਾਈਨ ਮਾਲਕ ਆਪਣੀਆਂ ਕੰਬਾਈਨਾਂ ਪਿੱਛੇ ਪ੍ਰਾਜੈਕਟਰ ਲਗਾ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੀ ਕਿਸਾਨਾਂ ਦੇ ਹੱਕ ਵਿਚ ਨਿੱਤਰੀਆਂ ਹੋਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਆਪਣੀਆਂ ਜਥੇਬੰਦੀਆਂ ਦੇ ਹੱਕ ਵਿਚ ਖੜ੍ਹਦੇ ਹਨ ਜਾਂ ਸਰਕਾਰ ਦੀਆਂ ਦਲੀਲਾਂ ਵੱਲ। ਇਸ ਸਬੰਧੀ ਕੁਝ ਕਿਸਾਨਾਂ ਵੱਲੋਂ ਵਿਚਾਰ ਜਾਣੇ ਗਏ।
