ਕਿਸਾਨ ਅੰਦੋਲਨ ਤੇ ਕਿਸਾਨ ਸੰਸਦ ਨਹੀਂ, ਖੇਤੀ ਕਾਨੂੰਨ ਹਨ ਬੇਤੁਕੇ : ਭਗਵੰਤ ਮਾਨ

Sunday, Jul 25, 2021 - 09:53 PM (IST)

ਕਿਸਾਨ ਅੰਦੋਲਨ ਤੇ ਕਿਸਾਨ ਸੰਸਦ ਨਹੀਂ, ਖੇਤੀ ਕਾਨੂੰਨ ਹਨ ਬੇਤੁਕੇ : ਭਗਵੰਤ ਮਾਨ

ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਕਿਸਾਨੀ ਅੰਦੋਲਨ ਅਤੇ ਕਿਸਾਨ ਸੰਸਦ ਨੂੰ ਬੇਤੁਕਾ ਕਹੇ ਜਾਣ ’ਤੇ ਸਖ਼ਤ ਇਤਰਾਜ਼ ਕੀਤਾ ਹੈ। ਮਾਨ ਨੇ ਕਿਹਾ ਕਿ ਅਜਿਹੀ ਫਜੂਲ ਅਤੇ ਬੇਤੁਕੀ ਬਿਆਨਬਾਜ਼ੀ ਕਰਨ ਵਾਲੇ ਕੇਂਦਰੀ ਆਗੂਆਂ ਵਿਚ ਤਾਨਾਸ਼ਾਹੀ ਜਿੰਨ ਦਾਖਲ ਹੋ ਚੁੱਕਿਆ ਹੈ। ਇਸ ਲਈ ਉਹ ਖ਼ੁਦ ਬੇਤੁਕੀਆਂ ਬਿਆਨਬਾਜ਼ੀਆਂ ਕਰਦੇ ਹੋਏ ਦੂਸਰਿਆਂ ਨੂੰ ਗ਼ਲਤ ਸਾਬਿਤ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕਰ ਰਹੇ ਹਨ।

ਇਹ ਵੀ ਪੜ੍ਹੋ- ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਕੀਤਾ ਸਸਪੈਂਡ (ਵੀਡੀਓ)
ਐਤਵਾਰ ਨੂੰ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਖੇਤੀ ਸੁਧਾਰਾਂ ਦੇ ਨਾਂ ’ਤੇ ਥੋਪੇ ਜਾ ਰਹੇ ਖੇਤੀ ਵਿਰੋਧੀ ਕਾਲੇ ਕਾਨੂੰਨ ਹੀ ਬੇਤੁਕੇ ਹਨ, ਜੋ ਕਿਸਾਨਾਂ ਨੇ ਮੰਗੇ ਹੀ ਨਹੀਂ ਹਨ। ਮਾਨ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਵਲੋਂ ਘੜੇ ਗਏ ਮਾਰੂ ਕਾਨੂੰਨਾਂ ਨੂੰ ਜਦੋਂ ਜ਼ਬਰਦਸਤੀ ਅੰਨਦਾਤਾ ’ਤੇ ਥੋਪਿਆ ਜਾਵੇਗਾ ਤਾਂ ਕਿਸਾਨਾਂ-ਮਜਦੂਰਾਂ ਸਮੇਤ ਖੇਤੀਬਾੜੀ ’ਤੇ ਨਿਰਭਰ ਸਾਰੇ ਵਰਗਾਂ ਵਲੋਂ ਵਿਰੋਧ ਸੁਭਾਵਿਕ ਹੈ। ਜੇਕਰ ਲੋਕਤੰਤਰੀ ਕਦਰਾਂ-ਕੀਮਤਾਂ ਨਾਲ ਪ੍ਰਗਟਾਏ ਵਿਰੋਧ ਨੂੰ ਸਰਕਾਰ ਤਾਨਾਸ਼ਾਹੀ ਹੈਂਕੜ ਨਾਲ ਅਣਸੁਣਿਆ ਜਾਂ ਕੁਚਲਣ ਦੀ ਕੋਸ਼ਿਸ਼ ਨਹੀਂ ਛੱਡੇਗੀ ਤਾਂ ਕਿਸਾਨ ਸੰਸਦ ਜਾਂ ਅੰਦੋਲਨ ਦਿੱਲੀ ਤੱਕ ਸੀਮਤ ਨਹੀਂ ਰਹੇਗਾ, ਸਗੋਂ ਪੂਰੇ ਮੁਲਕ ਵਿਚ ਫੈਲੇਗਾ।

ਇਹ ਵੀ ਪੜ੍ਹੋ : 100 ਸਾਲਾ ਹਰਬੰਸ ਸਿੰਘ ਦੀ ਮਿਹਨਤ ਦੇ ਮੁਰੀਦ ਹੋਏ ਕੈਪਟਨ ਅਮਰਿੰਦਰ ਸਿੰਘ, ਆਖੀ ਵੱਡੀ ਗੱਲ

ਇਸ ਲਈ ਮੋਦੀ ਸਰਕਾਰ ਨੂੰ ਆਪਣੀ ਬੇਤੁਕੀ ਜ਼ਿੱਦ ਤਿਆਗ ਕੇ ਖੇਤੀ ਕਾਨੂੰਨ ਵਿਰੋਧੀ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਕਾਲੇ ਕਾਨੂੰਨਾਂ ਦੇ ਬਿਲ ਦੀ ਡਰਾਫਟਿੰਗ (ਮਸੌਦਾ ਤਿਆਰ ਹੋਣ) ਸਮੇਂ ਤੋਂ ਲੈ ਕੇ ਅੱਜ ਤੱਕ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਵਿਰੁੱਧ ਡਟੀ ਹੋਈ ਹੈ ਅਤੇ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਡਟੀ ਰਹੇਗੀ।


author

Bharat Thapa

Content Editor

Related News