ਕਿਸਾਨਾਂ ਨੂੰ ਗ੍ਰਿਫਤਾਰ ਕਰਨ ਆਈ ਪੁਲਸ ਦੀਆਂ ਗੱਡੀਆਂ ਘੇਰੀਆਂ
Wednesday, Mar 14, 2018 - 07:30 AM (IST)

ਭਦੌੜ(ਰਾਕੇਸ਼)-ਪਿੰਡ ਸੰਧੂ ਕਲਾਂ ਵਿਖੇ ਮੰਗਲਵਾਰ ਨੂੰ ਜਾਅਲੀ ਮੋਟਰਾਂ ਚੈੱਕ ਕਰਨ ਪਟਿਆਲਾ ਤੋਂ ਆਈ ਪਾਵਰਕਾਮ ਦੀ ਟੀਮ ਅਤੇ ਪੁਲਸ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਰੇਡ ਕਰਨ ਆਏ ਅਧਿਕਾਰੀਆਂ ਦੀਆਂ ਕਿਸਾਨਾਂ ਨੇ ਗੱਡੀਆਂ ਘੇਰ ਲਈਆਂ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ 2015 'ਚ ਮੋਟਰਾਂ ਦੀ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਸਬੰਧਤ ਵਿਭਾਗ ਵੱਲੋਂ 99 ਮੋਟਰਾਂ ਨੂੰ ਜਾਅਲੀ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ 13 ਕਿਸਾਨਾਂ ਨੇ ਪੈਸੇ ਭਰ ਕੇ ਆਪਣੀਆਂ ਮੋਟਰਾਂ ਪੱਕੀਆਂ ਕਰਵਾ ਲਈਆਂ ਅਤੇ ਬਾਕੀ 86 ਜਾਅਲੀ ਮੋਟਰਾਂ ਵਾਲਿਆਂ ਨੂੰ ਪੰਜਾਬ ਪਾਵਰਕਾਮ ਵੱਲੋਂ 2 ਲੱਖ ਰੁਪਏ ਤੋਂ 3 ਲੱਖ ਰੁਪਏ ਤੱਕ ਜੁਰਮਾਨਾ ਕਰ ਦਿੱਤਾ ਗਿਆ, ਜਿਸ ਦੇ ਸਬੰਧ ਵਿਚ ਅੱਜ ਪੀ. ਐੱਸ. ਐਂਟੀ ਪਾਵਰ ਥੈਫਟ ਪੀ. ਐੱਸ. ਪੀ. ਸੀ. ਐੱਲ. ਪਟਿਆਲਾ ਦੀ ਟੀਮ ਨੇ ਡਿਫਾਲਟਰ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਪਿੰਡ 'ਚ ਰੇਡ ਕੀਤੀ। ਜਦੋਂ ਇਸ ਗੱਲ ਦਾ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਦੁਬਾਰਾ ਉਕਤ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੀ ਗਈ ਤਾਂ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੋਟਰਾਂ ਪੱਕੀਆਂ ਕੀਤੀਆਂ ਜਾਣ ਅਤੇ ਜੋ ਜੁਰਮਾਨਾ ਪਾਇਆ ਗਿਆ ਹੈ, ਉਹ ਬਿਲਕੁਲ ਰੱਦ ਕੀਤਾ ਜਾਵੇ।
ਵਿਧਾਇਕ ਧੌਲਾ ਦੇ ਕਹਿਣ 'ਤੇ ਪਰਤ ਆਏ : ਏ. ਐੱਸ. ਆਈ.
ਜਦੋਂ ਇਸ ਸਬੰਧੀ ਪੀ. ਐੱਸ. ਐਂਟੀ ਪਾਵਰ ਥੈਫਟ ਦੇ ਏ. ਐੱਸ. ਆਈ. ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਐੱਸ. ਐੱਚ. ਓ. ਰਣਧੀਰ ਸਿੰਘ ਸੋਢੀ ਦੀ ਰਹਿਨੁਮਾਈ ਹੇਠ ਪਿੰਡ ਸੰਧੂ ਕਲਾਂ ਵਿਖੇ ਰੇਡ ਕੀਤੀ ਸੀ, ਜਿਥੋਂ ਦੇ 12 ਕਿਸਾਨਾਂ 'ਤੇ ਜਾਅਲੀ ਮੋਟਰਾਂ ਦੇ ਪਰਚੇ ਦਰਜ ਹੋਏ ਹਨ। ਉਕਤ ਕਿਸਾਨਾਂ 'ਚੋਂ 3 ਕਿਸਾਨਾਂ ਨੇ ਪੇਸ਼ਗੀ ਜ਼ਮਾਨਤ ਕਰਵਾ ਲਈ। ਅਸੀਂ 2 ਕਿਸਾਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ 6 ਕੇਸ ਪੈਂਡਿੰਗ ਸਨ, ਜਿਨ੍ਹਾਂ ਸਬੰਧੀ ਗ੍ਰਿਫਤਾਰੀ ਕਰਨ ਅੱਜ ਪਿੰਡ ਆਏ ਸੀ ਪਰ ਉਥੋਂ ਦੇ ਲੋਕਾਂ ਵੱਲੋਂ ਅਨਾਊਂਸਮੈਂਟ ਕਰਵਾ ਕੇ ਸਾਡੀਆਂ ਗੱਡੀਆਂ ਘੇਰ ਲਈਆਂ, ਜਿਸ ਤੋਂ ਬਾਅਦ ਮੇਰੀ ਗੱਲ ਹਲਕਾ ਵਿਧਾਇਕ ਪਿਰਮਲ ਸਿੰਘ ਧੌਲਾ ਨਾਲ ਕਰਵਾਈ ਗਈ, ਜਿਨ੍ਹਾਂ ਕਿਹਾ ਕਿ ਅਸੀਂ ਜਲਦੀ ਪੰਜਾਬ ਸਰਕਾਰ ਨਾਲ ਗੱਲ ਕਰ ਕੇ ਇਸ ਮਸਲੇ ਦਾ ਹੱਲ ਕਰਵਾ ਦੇਵਾਂਗੇ ਅਤੇ ਅਸੀਂ ਉਨ੍ਹਾਂ ਦੇ ਕਹਿਣ 'ਤੇ ਵਾਪਸ ਆ ਗਏ। ਜਦੋਂ ਇਸ ਸਬੰਧੀ ਹਲਕਾ ਵਿਧਾਇਕ ਪਿਰਮਲ ਸਿੰਘ ਧੌਲਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।