...ਤੇ ਇੰਝ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਪੈਣੋਂ ਰੋਕਿਆ ਜਾ ਸਕਦੈ
Tuesday, Sep 10, 2019 - 11:16 AM (IST)
ਚੰਡੀਗੜ੍ਹ : ਸਮੇਂ 'ਤੇ ਮਨੋਵਿਗਿਆਨਕ ਦਖਲ ਅਤੇ ਸਲਾਹ ਨਾਲ ਕਿਸਾਨ ਖੁਦਕੁਸ਼ੀਆਂ ਦੀ ਗਿਣਤੀ 'ਚ ਭਾਰੀ ਕਮੀ ਆ ਸਕਦੀ ਹੈ। ਇਸ ਸਬੰਧੀ ਕੀਤੇ ਗਏ ਇਕ ਸਰਵੇ ਮੁਤਾਬਕ ਇਹ ਤੱਥ ਸਾਹਮਣੇ ਆਇਆ ਹੈ। ਪੰਜਾਬ 'ਚ ਭਾਰੀ ਕਰਜ਼ੇ, ਫਸਲਾਂ ਦੀ ਬਰਬਾਦੀ ਅਤੇ ਕਿਸਾਨਾਂ ਦੀ ਖਰਾਬ ਆਰਥਿਕ ਹਾਲਤ ਹੀ ਕਿਸਾਨ ਖੁਦਕੁਸ਼ੀਆਂ ਦਾ ਕਾਰਨ ਬਣਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ 'ਚ ਇਕ ਪ੍ਰਾਜੈਕਟ ਦੀ ਅੰਤਰਿਮ ਰਿਪੋਰਟ ਮੁਤਾਬਕ ਕਿਹਾ ਗਿਆ ਹੈ ਕਿ ਤਣਾਅ 'ਚ ਰਹਿਣ ਵਾਲੇ ਕਿਸਾਨਾਂ ਲਈ ਮਨੋਵਿਗਿਆਨੀ ਅਤੇ ਕਾਊਂਸਲ ਕਾਫੀ ਸਹਾਈ ਹੋ ਸਕਦੇ ਹਨ ਅਤੇ ਕਿਸਾਨਾਂ ਦੀ ਮਦਦ ਇਸ ਸਬੰਧੀ ਹੈਲਪਲਾਈਨਾਂ ਜਾਰੀ ਕਰਕੇ ਕੀਤੀ ਜਾ ਸਕਦੀ ਹੈ ਕਿਉਂਕਿ ਕਮਜ਼ੋਰ ਕਿਸਾਨਾਂ ਨਾਲ ਗੱਲਬਾਤ ਕਰਕੇ ਹੀ ਉਨ੍ਹਾਂ ਦੇ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ।
ਅਗਸਤ, 2017 'ਚ ਸ਼ੁਰੂ ਕੀਤੇ ਗਏ ਇਕ ਸਰਵੇ ਮੁਤਾਬਕ 1000 ਵਾਲੰਟੀਅਰਾਂ ਵਲੋਂ ਬਠਿੰਡਾ, ਪਟਿਆਲਾ, ਸੰਗਰੂਰ, ਲੁਧਿਆਣਾ, ਫਿਰੋਜ਼ਪੁਰ, ਮਾਨਸਾ ਅਤੇ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਪੰਜਾਬ ਸਰਕਾਰ ਵਲੋਂ ਕੀਤੇ ਗਏ ਇਕ ਸਰਵੇ ਮੁਤਾਬਕ ਸਾਲ 2006 ਤੋਂ 2015 ਤੱਕ ਕਰੀਬ 16,606 ਕਿਸਾਨ ਖੁਦਕੁਸ਼ੀਆਂ ਦੇ ਰਾਹ 'ਤੇ ਪਏ ਹਨ। ਪ੍ਰਾਜੈਕਟ ਨਾਲ ਜੁੜੇ ਮਾਹਿਰਾਂ ਨੇ ਦੱਸਿਆ ਕਿ ਉਨ੍ਹਾਂ ਕਿਸਾਨਾਂ ਦੀ ਪਛਾਣ ਕਰਨੀ ਜ਼ਰੂਰੀ ਸੀ, ਜੋ ਕਈ ਕਾਰਨਾਂ ਕਰਕੇ ਭਾਰੀ ਮਾਨਸਿਕ ਤਣਾਅ 'ਚ ਪੈ ਸਕਦੇ ਹਨ।