ਕਿਸਾਨੀ ਸੰਘਰਸ਼ ਦੀ ਭੇਟ ਚੜ੍ਹਿਆ ਜੱਗੇਵਾਲਾ ਦਾ ਕਿਸਾਨ ਆਗੂ ਬੁੱਢਾ ਸਿੰਘ

Sunday, Apr 18, 2021 - 06:20 PM (IST)

ਕਿਸਾਨੀ ਸੰਘਰਸ਼ ਦੀ ਭੇਟ ਚੜ੍ਹਿਆ ਜੱਗੇਵਾਲਾ ਦਾ ਕਿਸਾਨ ਆਗੂ ਬੁੱਢਾ ਸਿੰਘ

ਮਖੂ (ਵਾਹੀ) : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਖੂ ਦੇ ਸਕੱਤਰ ਬੁੱਢਾ ਸਿੰਘ ਜੱਗੇਵਾਲਾ ਕਿਸਾਨ ਮੋਰਚੇ ਦੇ ਸ਼ਹੀਦਾਂ ਵਿਚ ਸ਼ਾਮਲ ਹੋ ਗਿਆ ਹੈ। 70 ਸਾਲਾ ਬੁੱਢਾ ਸਿੰਘ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਲਗਾਏ ਗਏ ਧਰਨੇ ’ਚ ਡੇਢ ਮਹੀਨੇ ਤੋਂ ਲਗਾਤਾਰ ਡਟਿਆ ਹੋਇਆ ਸੀ ਅਤੇ ਮੋਰਚੇ ਦੌਰਾਨ ਹੀ ਉਸ ਨੂੰ ਅਧਰੰਗ ਦਾ ਅਟੈਕ ਹੋ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਰਾਜੇਵਾਲ ਦੇ ਯੂਥ ਆਗੂ ਲਖਵਿੰਦਰ ਸਿੰਘ ਪੀਰਮੁਹੰਮਦ ਅਤੇ ਸੂਬਾ ਮੀਤ ਪ੍ਰਧਾਨ ਪਰਗਟ ਸਿੰਘ ਤਲਵੰਡੀ ਨੇ ਕਿਹਾ ਕਿ ਅਧਰੰਗ ਦੇ ਅਟੈਕ ਤੋਂ ਤੁਰੰਤ ਬਾਅਦ ਬੁੱਢਾ ਸਿੰਘ ਨੂੰ ਬਹਾਦਰਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਜਿਥੋਂ ਡਾਕਟਰਾਂ ਨੇ ਰੋਹਤਕ ਹਸਪਤਾਲ ਵਿਚ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਦੇ ਦੋ ਇਲਾਕਿਆਂ ’ਚ ਲੱਗੀ ਪੂਰਨ ਤਾਲਾਬੰਦੀ

ਕੁਝ ਦਿਨ ਇਲਾਜ ਚੱਲਣ ਤੋਂ ਬਾਅਦ ਡਾਕਟਰਾਂ ਨੇ ਬੇਵੱਸੀ ਜ਼ਾਹਰ ਕਰ ਦਿੱਤੀ ਤਾਂ ਪਰਿਵਾਰ ਵਾਲੇ ਛੁੱਟੀ ਦਿਵਾ ਕੇ ਪੰਜਾਬ ਲੈ ਆਏ ਅਤੇ ਉਨ੍ਹਾਂ ਦੇ ਇਲਾਜ ਤੇ ਤਕਰੀਬਨ ਢਾਈ ਤਿੰਨ ਲੱਖ ਖਰਚ ਹੋਏ ਪਰ ਬੁੱਢਾ ਸਿੰਘ ਦੀ ਸਿਹਤ ਵਿਚ ਕੋਈ ਸੁਧਾਰ ਨਾ ਹੋਇਆ । ਆਖਰ ਬਿਮਾਰੀ ਲੜਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕਿਸਾਨਾਂ ਦੇ ਹੱਕ ਵਿਚ ਖੜਣ ਵਾਲਾ ਨਿਧੜਕ ਜਰਨੈਲ ਗਵਾ ਲਿਆ ਹੈ ਜਿਸ ਦੇ ਜਾਣ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਖੂ ਤੋਂ ਇਕ ਜੁਝਾਰੂ ਵਰਕਰ ਸਦਾ ਲਈ ਵਿੱਛੜ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਬੁੱਢਾ ਸਿੰਘ ਵੱਲੋਂ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖੇਗੀ ।

ਇਹ ਵੀ ਪੜ੍ਹੋ : ਪਤਨੀ ਦੀ ਸ਼ਿਕਾਇਤ ’ਤੇ ਜਲੰਧਰ ਪੁਲਸ ਨੇ ਪਤੀ ਖ਼ਿਲਾਫ਼ ਦਰਜ ਕੀਤਾ ਮਾਮਲਾ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News