ਕਿਸਾਨਾਂ ਲਈ ਖੁਸ਼ਖਬਰੀ: ਅਨਾਜ-ਖੇਤੀ ਵਸਤਾਂ ਦੀ ਢੋਆ-ਢੋਆਈ ਲਈ ਲਾਂਚ ਹੋਈ ‘ਕਿਸਾਨ ਰੱਥ’ ਐਪ

Sunday, Apr 19, 2020 - 11:03 AM (IST)

ਕਿਸਾਨਾਂ ਲਈ ਖੁਸ਼ਖਬਰੀ: ਅਨਾਜ-ਖੇਤੀ ਵਸਤਾਂ ਦੀ ਢੋਆ-ਢੋਆਈ ਲਈ ਲਾਂਚ ਹੋਈ ‘ਕਿਸਾਨ ਰੱਥ’ ਐਪ

ਲੁਧਿਆਣਾ (ਸਰਬਜੀਤ ਸਿੱਧੂ) - ਖੇਤੀਬਾੜੀ ਮੰਤਰਾਲੇ ਨੇ ਖੇਤੀਬਾੜੀ ਦੀ ਗਤੀਸ਼ੀਲਤਾ ਹਿੱਤ ਮੁੱਢਲੀ ਅਤੇ ਸੈਕੰਡਰੀ ਆਵਾਜਾਈ ਲਈ ਟ੍ਰਾਂਸਪੋਰਟ ਵਾਹਨਾਂ ਦੀ ਭਾਲ ਕਰਨ ਲਈ ਕਿਸਾਨਾਂ ਅਤੇ ਵਪਾਰੀਆਂ ਦੀ ਸੁਵਿਧਾ ਲਈ ਨੈਸ਼ਨਲ ਇਨਫਰਮੈਟਿਕਸ ਸੈਂਟਰ (ਐੱਨ.ਆਈ.ਸੀ.) ਵਲੋਂ ਤਿਆਰ ਕੀਤਾ ਕਿਸਾਨ ਹਿਤੈਸ਼ੀ ਮੋਬਾਈਲ ਐਪ ‘ਕਿਸਾਨ ਰੱਥ’ ਦੀ ਸ਼ੁਰੂਆਤ ਕੀਤੀ। ਬਾਗਬਾਨੀ ਉਤਪਾਦਾਂ ਦੀ ਢੋਆ-ਢੋਆਈ ਵਿਚ ਫਾਰਮ ਤੋਂ ਮੰਡੀਆਂ, ਐੱਫ.ਪੀ.ਓ. ਕੁਲੈਕਸ਼ਨ ਸੈਂਟਰ ਅਤੇ ਗੁਦਾਮਾਂ ਆਦਿ ਤੱਕ ਦੀ ਆਵਾਜਾਈ ਸ਼ਾਮਲ ਹੋਵੇਗੀ। ਸੈਕੰਡਰੀ ਟ੍ਰਾਂਸਪੋਰਟੇਸ਼ਨ ਵਿਚ ਮੰਡੀਆਂ ਤੋਂ ਜ਼ਿਲਾ ਪੱਧਰੀ ਮੰਡੀਆਂ ਅਤੇ ਅੰਤਰ-ਰਾਜੀ ਮੰਡੀਆਂ, ਪ੍ਰੋਸੈੱਸਿੰਗ ਇਕਾਈਆਂ, ਰੇਲਵੇ ਸਟੇਸ਼ਨਾਂ, ਵੇਅਰ ਹਾਊਸ ਅਤੇ ਥੋਕ ਵਿਕਰੇਤਾ ਆਦਿ ਸ਼ਾਮਲ ਹੋਣਗੇ। ਫਸਲਾਂ ਦੀ ਕਟਾਈ ਅਤੇ ਮੰਡੀਕਰਨ ਦਾ ਕੰਮ ਚਲ ਰਿਹਾ ਹੈ, ਇਸ ਨਾਲ ਕਿਸਾਨਾਂ ਲਈ ਆਵਾਜਾਈ ਸੌਖੀ ਹੋ ਜਾਵੇਗੀ। ਕਿਸਾਨ ਰੱਥ ਐਪ ਸਾਰੇ ਦੇਸ਼ ਵਿਚ ਫਾਰਮ ਗੇਟ ਤੋਂ ਮੰਡੀ ਅਤੇ ਮੰਡੀਆਂ ਵਿਚ ਉਤਪਾਦਾਂ ਦੀ ਢੋਆ-ਢੋਆਈ ਲਈ ਕਿਸਾਨਾਂ ਅਤੇ ਵਪਾਰੀਆਂ ਦੀ ਮਦਦ ਕਰੇਗੀ।

ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਖੁਸ਼ਖਬਰੀ: 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE

ਇਸ ਸਮੇਂ ਜਦੋਂ ਸਾਰਾ ਦੇਸ਼ ਕੋਵਿਡ-19 ਸਥਿਤੀ ਵਿਚੋਂ ਲੰਘ ਰਿਹਾ ਹੈ, ਇਹ ਕਿਸਾਨ ਰੱਥ ਐਪ ਦੇਸ਼ ਦੇ ਕਿਸਾਨਾਂ, ਐੱਫ.ਪੀ.ਓ. ਅਤੇ ਕੋਆਪ੍ਰੇਟਿਵ ਸੋਸਾਇਟੀਆਂ ਨੂੰ ਖੇਤੀਬਾੜੀ ਉਤਪਾਦਾਂ ਨੂੰ ਫਾਰਮ ਗੇਟ ਤੋਂ ਬਾਜ਼ਾਰ ਤੱਕ ਲਿਜਾਣ ਲਈ ਆਵਾਜਾਈ ਦੀ ਸੁਵਿਧਾ ਲੱਭਣ ’ਚ ਮਦਦ ਦੇਵੇਗਾ। ਕਿਸਾਨ ਰੱਥ ਨਾਮ ਦੀ ਮੋਬਾਈਲ ਐਪਲੀਕੇਸ਼ਨ, ਅਨਾਜ ਸੀਰੀਅਲ, ਮੋਟੇ ਅਨਾਜ, ਦਾਲਾਂ ਆਦਿ, ਫਲ ਅਤੇ ਸਬਜ਼ੀਆਂ, ਤੇਲ ਦੇ ਬੀਜ, ਮਸਾਲੇ, ਫਾਈਬਰ ਫਸਲ, ਫੁੱਲ, ਬਾਂਸ ਤੋਂ ਲੈ ਕੇ ਖੇਤ ਉਤਪਾਦਾਂ ਦੀ ਆਵਾਜਾਈ ਦੇ ਸਹੀ ਢੰਗ ਦੀ ਪਛਾਣ ਕਰਨ ਵਿਚ ਕਿਸਾਨਾਂ ਅਤੇ ਵਪਾਰੀਆਂ ਦੀ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਵਣ ਉਪਜ, ਨਾਰੀਅਲ, ਲੌਂਗ ਅਤੇ ਹੋਰ ਖਣਿਜ ਆਦਿ, ਜਿਨ੍ਹਾਂ ਨੂੰ ਢੋਆ-ਢੋਆਈ ਦੌਰਾਨ ਰੈਫਰੀਜਰੇਟਰ ਵਾਹਨਾਂ ਦੀ ਲੋੜ ਹੁੰਦੀ ਹੈ, ਦੀ ਭਾਲ ਅਤੇ ਢੋਆ-ਢੋਆਈ ਵਿਚ ਸਹਾਇਤਾ ਕਰਦੀ ਹੈ।

ਖੇਤੀ ਉਤਪਾਦਾਂ ਦੀ ਢੋਆ-ਢੋਆਈ ਸਪਲਾਈ ਲੜੀ ਦਾ ਇਕ ਅਹਿਮ ਅਤੇ ਲਾਜ਼ਮੀ ਹਿੱਸਾ ਹੈ। ਮੌਜੂਦਾ ਲਾਕਡਾਊਨ ਕਾਰਣ ਦੇਸ਼ ਵਿਚ ਪੈਦਾ ਹੋਈ ਅਸਾਧਾਰਨ ਸਥਿਤੀ ਦੇ ਤਹਿਤ ਕਿਸਾਨ ਰੱਥ ਐਪ ਕਿਸਾਨਾਂ, ਗੁਦਾਮਾਂ, ਐੱਫ. ਪੀ. ਓ., ਏ. ਪੀ. ਐੱਮ. ਸੀ. ਮੰਡੀਆਂ ਅਤੇ ਅੰਤਰਰਾਜੀ ਅਤੇ ਇੰਟਰ ਸਟੇਟ ਖਰੀਦਦਾਰਾਂ ਦਰਮਿਆਨ ਸਹਿਜ ਸਪਲਾਈ ਸਬੰਧਾਂ ਨੂੰ ਯਕੀਨੀ ਬਣਾਵੇਗਾ ਅਤੇ ਸਮੇਂ ਸਿਰ ਢੋਆ-ਢੋਆਈ ਕਰ ਕੇ ਭੋਜਨ ਦੀ ਬਰਬਾਦੀ ਨੂੰ ਘਟਾਉਣ ਵਿਚ ਸਹਾਇਤਾ ਕਰੇਗੀ। ਇਸ ਨਾਲ ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ਦੀ ਵਧੀਆ ਕੀਮਤ ਮਿਲਣੀ ਵੀ ਸੰਭਵ ਹੋ ਸਕੇਗੀ।

ਕਿਸਾਨ, ਐੱਫ. ਪੀ. ਓ., ਖਰੀਦਦਾਰ ਅਤੇ ਵਪਾਰੀ ਇਸ ਐਪ ਰਾਹੀਂ ਆਵਾਜਾਈ ਦੇ ਲੋੜੀਂਦੇ ਸਾਧਨਾਂ ਦੀ ਮੰਗ ਬਾਜ਼ਾਰ ਵਿਚ ਪੈਦਾ ਕਰਨਗੇ, ਜਿਸਨੂੰ ਮਾਰਕੀਟ ਵਿਚ ਟ੍ਰਾਂਸਪੋਰਟ ਆਪਰੇਟਰਾਂ ਰਾਹੀਂ ਚਲਾਇਆ ਜਾਂਦਾ ਹੈ, ਜਿਹੜੇ ਲੋੜ ਅਨੁਸਾਰ ਵੱਖ-ਵੱਖ ਟਰੱਕਾਂ ਅਤੇ ਫਲੀਟ ਮਾਲਕਾਂ ਨਾਲ ਰਾਬਤਾ ਕਾਇਮ ਕਰਕੇ ਲੋੜ ਅਨੁਸਾਰ ਵਾਹਨ ਉਪਲਬੱਧ ਕਰਵਾ ਕੇ ਜਿਸ ਨਾਲ ਖ਼ਪਤਕਾਰ ਤੱਕ ਛੇਤੀ ਸਮਾਨ ਭੇਜਣਾ ਸੰਭਵ ਹੋ ਜਾਵੇਗਾ। ਇਸ ਐਪ ਨਾਲ ਖ਼ਪਤਕਾਰ ਸਿੱਧੇ ਤੌਰ ਤੇ ਟਰੱਕ ਜਾਂ ਫਲੀਟ ਆਪਰੇਟਰ ਨਾਲ ਗੱਲਬਾਤ ਕਰ ਕੇ ਆਪਣੇ ਸੌਦੇ ਨੂੰ ਅੰਤਿਮ ਰੂਪ ਦੇ ਸਕਦਾ ਹੈ। ਇਕ ਵਾਰ ਯਾਤਰਾ ਪੂਰੀ ਹੋਣ ਤੋਂ ਬਾਅਦ ਖ਼ਪਤਕਾਰ ਐਪ ਰਾਹੀਂ ਢੋਆ-ਢੋਆਈ ਕਰਨ ਵਾਲੇ ਨੂੰ ਰੇਟਿੰਗ ਫੀਡਬੈਕ ਪ੍ਰਦਾਨ ਕਰ ਸਕਦਾ ਹੈ, ਜੋ ਸਮੇਂ ਦੇ ਨਾਲ-ਨਾਲ ਟ੍ਰਾਂਸਪੋਰਟਰਾਂ ਨੂੰ ਆਪਣੀ ਸੇਵਾ ਵਿਚ ਸੁਧਾਰ ਲਈ ਫੀਡਬੈਕ ਵਿਧੀ ਬਣ ਜਾਵੇਗਾ। ਇਹ ਭਵਿੱਖ ਵਿਚ ਲੌਜਿਸਟਿਕਸ ਸਰਵਿਸ ਪ੍ਰੋਵਾਈਡਰ ਦੀ ਚੋਣ ਪ੍ਰਕਿਰਿਆ ਲਈ ਵੀ ਖ਼ਪਤਕਾਰ ਦੀ ਸਹਾਇਤਾ ਕਰੇਗਾ।


author

rajwinder kaur

Content Editor

Related News