ਕਿਸਾਨ ਜਥੇਬੰਦੀਆਂ ਦੀ ਚਿਤਾਵਨੀ ਤੋਂ ਡਰੀ ਪੰਜਾਬ ਸਰਕਾਰ, ਮੋਗੇ ''ਚ 30 ਕਿਸਾਨ ਆਗੂ ਲਏ ਹਿਰਾਸਤ ''ਚ

09/19/2017 2:06:27 PM

ਮੋਗਾ (ਪਵਨ ਗਰੋਵਰ) : ਮੋਗਾ ਜ਼ਿਲੇ ਦੇ ਵਿਚ ਹੁਣ ਤਕ ਪੁਲਸ ਨੇ ਛਾਪਾਮਾਰੀ ਕਰਕੇ 30 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ 22 ਸਤੰਬਰ ਨੂੰ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਘਿਰਾਓ ਸੰਬੰਧੀ ਕੀਤੀ ਜਾ ਰਹੀ ਮਹਾਰਾਲੀ ਨੂੰ ਤਾਰਪੀਡੋ ਕਰਨ ਲਈ ਪੰਜਾਬ ਭਰ ਵਿਚ ਪੁਲਸ ਵਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਗ੍ਰਿਫਤਾਰ ਕੀਤੀਆਂ ਜਾ ਰਹੀਆਂ ਹਨ। ਮੋਗਾ ਜ਼ਿਲੇ ਅੰਦਰ ਕੱਲ ਤਕ ਵੱਖ-ਵੱਖ ਥਾਵਾਂ ਤੋਂ 11 ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਹੁਣ ਤਕ ਪੁਲਸ ਨੇ ਜ਼ਿਲੇ ਭਰ 'ਚੋਂ 30 ਦੇ ਕਰੀਬ ਕਿਸਾਨ ਆਗੂਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ।
ਗ੍ਰਿਫਤਾਰ ਕੀਤੇ ਗਏ ਇਨ੍ਹਾਂ ਕਿਸਾਨ ਆਗੂਆਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ 16, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ 9 ਜਦਕਿ ਕਿਰਤੀ ਕਿਸਾਨ ਯੂਨੀਅਨ ਦੇ ਪੰਜ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲਾ ਪੁਲਸ ਵਲੋਂ ਖੁਫੀਆ ਤੰਤਰ ਨੂੰ ਅਲਰਟ ਕਰਕੇ ਕਿਸਾਨ ਨੇਤਾਵਾਂ ਨੂੰ ਫੜਨ ਲਈ ਪੂਰੀ ਜੱਦੋ-ਜਹਿਦ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਦੇ ਅੰਦੋਲਨ ਨੂੰ ਕਾਮਯਾਬ ਨਾ ਹੋਣ ਦਿੱਤਾ ਜਾ ਸਕੇ। ਇਥੇ ਇਹ ਦੱਸਣਾ ਬਣਦਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ 'ਚੋਂ ਵੱਡੀ ਗਿਣਤੀ ਆਗੂ ਅਤੇ ਹੋਰ ਸੀਨੀਅਰ ਆਗੂਆਂ ਦੀ ਗਿਣਤੀ ਮੋਗਾ ਜ਼ਿਲੇ ਅੰਦਰ 300 ਤੋਂ 400 ਦੇ ਕਰੀਬ ਹੈ।
ਉਧਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਹਰ ਹੀਲੇ ਮੋਤੀ ਮਹਿਲ ਦਾ ਘਿਰਾਓ ਕਰਕੇ ਹੀ ਰਹਿਣਗੇ ਕਿਉਂਕਿ ਕਿਸਾਨਾਂ ਦਾ ਸੰਘਰਸ਼ ਕਦੇ ਵੀ ਸਰਕਾਰੀ ਜ਼ਬਰ ਅੱਗੇ ਨਹੀਂ ਝੁਕਦਾ ਹੈ।


Related News