ਵਿਸਾਖੀ ਦੇ ਚਾਅ ਮੀਂਹ-ਹਨੇਰੀ ਨੇ ਝੰਬੇ
Thursday, Apr 12, 2018 - 08:01 AM (IST)

ਸਾਦਿਕ (ਪਰਮਜੀਤ) - ਜਿਵੇਂ-ਜਿਵੇਂ ਕਣਕ ਦੀ ਵਾਢੀ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਵੇਂ-ਤਿਵੇਂ ਮੌਸਮ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਗਈ ਤਾਂ ਬੇਸਮੌਸੀ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ। ਖਰਾਬ ਮੌਸਮ, ਮੀਂਹ, ਹਨੇਰੀ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਵਿਸਾਖੀ ਦੇ ਚਾਅ ਵੀ ਝੰਬ ਕੇ ਰੱਖ ਦਿੱਤੇ ਹਨ। ਦੂਜਾ ਇੰਟਰਨੈੱਟ ਰਾਹੀਂ ਅਜੇ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਵੀ ਕਿਸਾਨ ਦੇ ਮੱਥੇ ਦੀਆਂ ਲਕੀਰਾਂ ਡੂੰਘੀਆਂ ਕਰਨ ਵਾਲੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ 1 ਅਪ੍ਰੈਲ ਤੋਂ ਕਣਕ ਦੀ ਖਰੀਦ ਦੇ ਮੁਕੰਮਲ ਪ੍ਰਬੰਧਾਂ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਨੁਮਾਇੰਦੇ 10 ਦਿਨਾਂ ਬਾਅਦ ਵੀ ਮੰਡੀ ਵਿਚ ਗੇੜਾ ਮਾਰਨ ਲਈ ਵੀ ਨਹੀਂ ਪੁੱਜੇ। ਕਣਕ ਦੀ ਖਰੀਦ ਤਾਂ ਅਜੇ ਦੂਰ ਦੀ ਗੱਲ ਸੀ। 10 ਦਿਨਾਂ ਤੱਕ ਮਾਰਕੀਟ ਕਮੇਟੀ ਸਾਦਿਕ ਦੀ ਮੰਡੀਆਂ ਵਿਚ ਨਾ ਬਾਰਦਾਨਾ ਆਇਆ ਨਾ ਹੀ ਕਿਸੇ ਖਰੀਦ ਏਜੰਸੀ ਦੇ ਇੰਸਪੈਕਟਰ ਨੇ ਆ ਕੇ ਢੇਰੀਆਂ ਦੇਖੀਆਂ।
ਮਾਰਕੀਟ ਕਮੇਟੀ ਵੱਲੋਂ ਸਾਦਿਕ ਮੰਡੀ 'ਚ ਪਈਆਂ ਢੇਰੀਆਂ ਦੀ ਨਮੀ ਦੀ ਜਾਂਚ ਕੀਤੀ ਗਈ ਤਾਂ ਬਹੁਤ ਸਾਰੀਆਂ ਢੇਰੀਆਂ ਸਰਕਾਰੀ ਮਾਪਦੰਡਾਂ 'ਤੇ ਖਰੀਆਂ ਉਤਰੀਆਂ ਅਤੇ ਨਮੀ 12 ਫੀਸਦੀ ਪਾਈ ਗਈ, ਜਦਕਿ ਨਵੀਆਂ ਆ ਰਹੀਆਂ ਢੇਰੀਆਂ 'ਚੋਂ 13 ਫੀਸਦੀ ਨਮੀ ਮਿਲੀ, ਜੋ ਕਿ ਸਫਾਈ ਤੋਂ ਬਾਅਦ ਖਰੀਦ ਹੋ ਸਕਦੀਆਂ ਸਨ। ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨਾਂ ਨੂੰ ਮੰਡੀ ਵਿਚ ਆਪਣੀ ਫਸਲ ਲੈ ਕੇ ਹੁਣੇ ਤੋਂ ਹੀ ਰੁਲਣਾ ਪੈ ਰਿਹਾ ਹੈ। ਮੌਸਮ ਸਾਫ ਹੋਣ ਤੋਂ ਬਾਅਦ ਮੰਡੀਆਂ ਭਰ ਜਾਣਗੀਆਂ, ਜਿਸ ਦੀ ਜ਼ਿੰਮੇਵਾਰੀ ਟਰੱਕਾਂ ਵਾਲਿਆਂ ਜਾਂ ਆੜ੍ਹਤੀਆਂ 'ਤੇ ਸੁੱਟੀ ਜਾਵੇਗੀ। ਜੇਕਰ ਸਮੇਂ ਸਿਰ ਖਰੀਦ ਸ਼ੁਰੂ ਹੋ ਜਾਵੇ ਤਾਂ ਕਈ ਮੁਸ਼ਕਲਾਂ ਤੋਂ ਨਿਜਾਤ ਮਿਲ ਸਰਦੀ ਹੈ।
ਬੀਤੀ ਰਾਤ ਫਿਰ ਪਏ ਮੀਂਹ ਕਾਰਨ ਕਿਸਾਨ ਬੇਚੈਨ ਹੋ ਗਏ ਹਨ। ਕਈ ਕਿਸਾਨਾਂ ਦੀ ਅੱਧੀ ਫਸਲ ਮੰਡੀ ਵਿਚ ਅਤੇ ਅੱਧੀ ਖੇਤ ਵਿਚ ਖੜ੍ਹੀ ਹੈ ਅਤੇ ਕਈਆਂ ਕਿਸਾਨਾਂ ਨੇ ਅਜੇ ਕਟਾਈ ਸ਼ੁਰੂ ਕਰਨੀ ਹੈ। ਮੰਡੀਆਂ ਵਿਚ ਢੇਰੀਆਂ ਲਾ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਜੇਕਰ ਦੋ ਦਿਨ ਪਹਿਲਾਂ ਖਰੀਦ ਸ਼ੁਰੂ ਹੋ ਜਾਂਦੀ ਤਾਂ ਸਾਰੀ ਸੁੱਕੀ ਫਸਲ ਵਿਕ ਕੇ ਬੋਰੀਆਂ ਵਿਚ ਪੈ ਸਕਦੀ ਸੀ। ਖਬਰ ਲਿਖੇ ਜਾਣ ਤੱਕ ਮੰਡੀ ਵਿਚ ਕੋਈ ਖਰੀਦਦਾਰ ਨਹੀਂ ਪੁੱਜਾ ਸੀ।
ਮੀਂਹ ਪੈਣ ਕਰ ਕੇ ਕਿਸਾਨਾਂ ਦੇ ਚਿਹਰਿਆਂ 'ਤੇ ਛਾਈ ਉਦਾਸੀ
ਗਿੱਦੜਬਾਹਾ, (ਸੰਧਿਆ)-ਬੀਤੇ ਦਿਨੀਂ ਪਏ ਮੀਂਹ ਕਾਰਨ ਜਿੱਥੇ ਇਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਚਿਹਰਿਆਂ 'ਤੇ ਉਦਾਸੀ ਛਾ ਗਈ ਹੈ ਕਿਉਂਕਿ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਜੋ ਵਾਢੀ ਯੋਗ ਹੈ, ਪਏ ਮੀਂਹ ਕਾਰਨ ਗਿੱਲੀ ਹੋ ਕੇ ਖੇਤਾਂ ਵਿਚ ਵਿੱਛ ਗਈ ਹੈ, ਜਿਸ ਕਾਰਨ ਹੁਣ ਕਣਕ ਦੀ ਕਟਾਈ ਵੀ ਲੇਟ ਹੋਣ ਦੀ ਸੰਭਾਵਨਾ ਹੈ।
ਕਿਸਾਨਾਂ ਲਖਵੀਰ ਸਿੰਘ ਜ਼ਿਲਾ ਮੀਤ ਪ੍ਰਧਾਨ ਬੀ. ਕੇ. ਯੂ. (ਏਕਤਾ ਸਿੱਧੂਪੁਰ) ਸ੍ਰੀ ਮੁਕਤਸਰ ਸਾਹਿਬ, ਦਲਵੀਰ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਏ ਮੀਂਹ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਨਾਲ ਕਣਕ ਦੀ ਫਸਲ ਪੂਰੀ ਤਰ੍ਹਾਂ ਖੇਤਾਂ ਵਿਚ ਵਿਛ ਗਈ ਹੈ, ਜਿਸ ਦੀ ਕਟਾਈ ਕਰਨ ਵਿਚ ਹੁਣ ਪ੍ਰੇਸ਼ਾਨੀ ਪੇਸ਼ ਆਵੇਗੀ। ਉਨ੍ਹਾਂ ਕਿਹਾ ਕਿ ਅਜੇ ਵੀ ਆਸਮਾਨ ਵਿਚ ਬੱਦਲ ਛਾਏ ਹੋਏ ਹਨ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਇਕ-ਦੋ ਦਿਨਾਂ ਤੱਕ ਆਪਣੀ ਕਣਕ ਦੀ ਪੱਕੀ ਹੋਈ ਫਸਲ ਦੀ ਵਾਢੀ ਕਰਨੀ ਸੀ ਪਰ ਹੁਣ ਮੀਂਹ ਕਾਰਨ ਫਸਲ ਗਿੱਲੀ ਹੋ ਚੁੱਕੀ ਹੈ, ਜਿਸ ਕਾਰਨ ਹੁਣ ਇਸ ਦੀ ਵਾਢੀ ਉਦੋਂ ਤੱਕ ਨਹੀਂ ਹੋ ਪਾਵੇਗੀ, ਜਦੋਂ ਤੱਕ ਇਹ ਪੂਰੀ ਤਰ੍ਹਾਂ ਪੱਕਦੀ ਨਹੀਂ, ਜੇਕਰ ਧੁੱਪ ਨਿਕਲ ਆਵੇ ਤਾਂ ਇਹ ਫਸਲ ਜਲਦੀ ਹੀ ਪੱਕ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹੋਰ ਬਾਰਿਸ਼ ਹੁੰਦੀ ਹੈ ਤਾਂ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ ਅਤੇ ਉਹ ਆਰਥਿਕ ਪੱਖੋਂ ਕਮਜ਼ੋਰ ਹੋ ਜਾਣਗੇ।