ਕਰਤਾਰਪੁਰ 'ਚ ਹੋਣ ਜਾ ਰਿਹਾ 2 ਦਿਨਾ ਕਿਸਾਨ ਮੇਲਾ, ਮੁਫ਼ਤ 'ਚ ਵੰਡੇ ਜਾਣਗੇ ਟਰੈਕਟਰ ਤੇ ਹੋਰ ਇਨਾਮ

Thursday, Sep 07, 2023 - 09:20 AM (IST)

ਜਲੰਧਰ (ਰਮਨਦੀਪ ਸਿੰਘ ਸੋਢੀ) : 'ਜਲੰਧਰ ਪਟੈਟੋ ਗਰੋਅਰਜ਼ ਐਸੋਸੀਏਸ਼ਨ' ਵਲੋਂ ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਖੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ। ਐਸੋਸੀਏਸ਼ਨ ਵਲੋਂ ਇਹ ਮੇਲਾ 8 ਤੇ 9 ਸਤੰਬਰ ਨੂੰ ਦਾਣਾ ਮੰਡੀ ਕਰਤਾਰਪੁਰ ’ਚ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਗੁਰਰਾਜ ਸਿੰਘ ਤੇ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਮੇਲੇ ਨੂੰ ਕਰਵਾਉਣ ਦਾ ਮੁੱਖ ਮੰਤਵ ਮੁੱਕਦੇ ਪਾਣੀ ਤੇ ਬੰਜ਼ਰ ਹੁੰਦੀ ਧਰਤੀ ਨੂੰ ਬਚਾਉਣ ਲਈ ਉਪਰਾਲੇ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਕਿਸਾਨਾਂ ਨੂੰ ਨਵੀਂ ਮਸ਼ੀਨਰੀ ਤੇ ਉੱਨਤ ਤਕਨੀਕ ਦੀ ਮਸ਼ੀਨਰੀ ਅਤੇ ਸੰਦਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਦੌਰਾਨ 30 ਹਜ਼ਾਰ ਦੇ ਲਗਭਗ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ। ਮੇਲੇ ’ਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਟਰੈਕਟਰ ਤੇ ਸਪਰੇਅ ਪੰਪ ਵਰਗੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਗੁਰਰਾਜ ਸਿੰਘ ਨੇ ਦੱਸਿਆ ਕਿ ਅੱਜ ਤੋਂ 30 ਸਾਲ ਪਹਿਲਾਂ ਸਾਨੂੰ ਸਿਰਫ ਵੱਡੀ ਮਾਤਰਾ ’ਤੇ ਫ਼ਸਲਾਂ ਦੀ ਲੋੜ ਸੀ ਪਰ ਅੱਜ ਦੇ ਦੌਰ ’ਚ ਉੱਨਤ ਫ਼ਸਲ ਸਭ ਦੀ ਤਰਜ਼ੀਹ ਹੈ। ਅੱਜ ਜੇਕਰ ਅਸੀਂ ਕੋਈ ਵੀ ਚੀਜ਼ ਐਕਸਪੋਰਟ ਕਰਨੀ ਹੈ ਤਾਂ ਸਾਨੂੰ ਕੁਆਲਿਟੀ ਦਾ ਧਿਆਨ ਰੱਖਣਾ ਪਵੇਗਾ। ਅੱਜ ਸਾਡੇ ਕੋਲ ਚੌਲ, ਟਮਾਟਰ, ਕਣਕ ਤੇ ਖੰਡ ਹਰ ਚੀਜ਼ ਸਰਪਲੱਸ ਹੈ। ਇਸ ਨੂੰ ਅਸੀਂ ਕੁਆਲਿਟੀ ’ਚ ਲਿਆਵਾਂਗੇ, ਜਿਸ ਨਾਲ ਇਨ੍ਹਾਂ ਚੀਜਾਂ ਦਾ ਐਕਸਪੋਰਟ ਵਧੇਗਾ।

ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ 'ਤੇ ਡੋਲਿਆ ਮਕਾਨ ਮਾਲਕ ਦਾ ਇਮਾਨ, ਪਤੀ ਦੀ ਗੈਰ ਮੌਜੂਦਗੀ 'ਚ ਲੁੱਟੀ ਇੱਜ਼ਤ

ਇਸ ਲਈ ਸਾਨੂੰ ਨਵੀਆਂ ਤਕਨੀਕਾਂ ਨੂੰ ਅਪਣਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ’ਚ ਅੱਜ ਜਾਗਰੂਕਤਾ ਦੀ ਘਾਟ ਕਾਰਨ ਅਸੀਂ ਪੀ. ਏ. ਯੂ. ਨਾਲੋਂ ਟੁੱਟ ਚੁੱਕੇ ਹਾਂ, ਜਿਸ ਕਾਰਨ ਅਸੀਂ ਵੱਧ ਝਾੜ ਦੇ ਚੱਕਰ ’ਚ ਬੇਲੋੜੀਆਂ ਦਵਾਈਆਂ ਫ਼ਸਲਾਂ ਨੂੰ ਪਾ ਰਹੇ ਹਾਂ ਪਰ ਇਸ ਕਾਰਨ ਸਾਡੀ ਫ਼ਸਲ ’ਚ ਜ਼ਹਿਰ ਆ ਜਾਂਦਾ ਹੈ ਤੇ ਉਸ ਦਾ ਵਾਧਾ ਤੇ ਝਾੜ ਵੀ ਘੱਟ ਜਾਂਦਾ ਹੈ। ਅਸੀਂ ਜੇਕਰ ਪੀ. ਏ. ਯੂ. ਦੇ ਦੱਸੇ ਮੁਤਾਬਕ ਖਾਦ ਫ਼ਸਲਾਂ ਨੂੰ ਪਾਈਏ ਤਾਂ ਇਸ ਨਾਲ ਫ਼ਸਲ ਦਾ ਝਾੜ ਵੀ ਵਧੇਗਾ ਤੇ ਕੁਆਲਿਟੀ ’ਚ ਵੀ ਵਾਧਾ ਹੋਵੇਗਾ। ਫ਼ਸਲਾਂ ਬੀਮਾਰ ਵੀ ਨਹੀ ਹੋਣਗੀਆਂ। ਜੇਕਰ ਕੋਈ ਅੱਜ ਆਰਗੈਨਿਕ ਫ਼ਸਲਾਂ ਵੱਲ ਵੱਧਦਾ ਹੈ ਤਾਂ ਇਸ ਕੰਮ ਨੂੰ 4 ਤੋਂ 5 ਸਾਲ ਲੱਗ ਜਾਂਦੇ ਹਨ, ਜਿਸ ਕਾਰਨ ਲਾਗਤ ਵੱਧ ਜਾਂਦੀ ਹੈ ਤੇ ਲਾਗਤ ਮੁਤਾਬਕ ਖਰੀਦਦਾਰ ਵੀ ਨਹੀਂ ਮਿਲਦੇ। ਇਸ ਕਾਰਨ ਕਿਸਾਨ ਇਸ ਪਾਸੇ ਘੱਟ ਜਾ ਰਹੇ ਹਾਂ। ਕੁਆਲਿਟੀ ਨੂੰ ਸੋਧਿਆ ਜਾ ਸਕਦਾ ਹੈ ਜੇਕਰ ਅਸੀਂ ਪੀ. ਏ. ਯੂ. ਦੇ ਦੱਸੇ ਮੁਤਾਬਕ ਸਹੀ ਢੰਗ ਨਾਲ ਖਾਦ ਪਾਈਏ। ਦੁਆਬੇ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਨੌਜਵਾਨ ਖੇਤੀ ਤੋਂ ਡਰਦੇ ਬਾਹਰ ਜਾ ਰਹੇ ਹਨ। ਖੇਤੀ ਕੋਈ ਘਾਟੇ ਵਾਲਾ ਧੰਦਾ ਨਹੀਂ ਸਗੋਂ ਇਹ ਲਾਹੇਵੰਦ ਹੈ, ਜਿਸ ਲਈ ਕਈ ਸਾਧਨ ਮੌਜੂਦ ਹਨ, ਜਿਨ੍ਹਾਂ ਬਾਰੇ ਜਾਗਰੂਕਤਾ ਬੇਹੱਦ ਜ਼ਰੂਰੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਆ ਗਈ ਵੱਡੀ ਖ਼ਬਰ, ਪਹਿਲੀ ਵਾਰ ਮਿਲਿਆ ਇਹ ਮੌਕਾ

ਪ੍ਰਧਾਨ ਗੁਰਰਾਜ ਸਿੰਘ ਨੇ ਦੱਸਿਆ ਕਿ ਅੱਜ ਮੌਜੂਦਾ ਹਾਲਾਤ ਇਹ ਹਨ, ਕਿਸਾਨ ਡਾਕਟਰਾਂ ਤੋਂ ਸਲਾਹ ਨਹੀਂ ਲੈਂਦੇ, ਸਗੋਂ ਖ਼ੁਦ ਬੀਮਾਰੀਆਂ ਦਾ ਇਲਾਜ ਕਰਨ ਲੱਗ ਜਾਂਦੇ ਹਨ। ਲੋੜ ਹੈ ਸਹੀ ਸਲਾਹ ਤੇ ਸਹੀ ਇਲਾਜ ਦੀ। ਇਸ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅਸੀਂ ਪੀ. ਏ. ਯੂ. ਦੇ ਮਾਹਿਰਾਂ ਨੂੰ ਇਸ ਕਿਸਾਨ ਮੇਲੇ ਦੌਰਾਨ ਬੁਲਾ ਰਹੇ ਹਾਂ, ਜੋ ਕਿਸਾਨਾਂ ਨੂੰ ਫ਼ਸਲਾਂ ਦੀ ਕੁਆਲਿਟੀ ਪ੍ਰਤੀ ਜਾਗਰੂਕ ਕਰਨਗੇ। ਸਰਕਾਰਾਂ ਪ੍ਰਤੀ ਅਸੰਤੁਸ਼ਟੀ ਜ਼ਾਹਰ ਕਰਦਿਆਂ ਪ੍ਰਧਾਨ ਗੁਰਰਾਜ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਵੀ ਅਜਿਹੀ ਕਮੇਟੀ ਬਣਾਉਣੀ ਚਾਹੀਦੀ ਹੈ, ਜੋ ਖੇਤੀ ਸੁਧਾਰ ਵੱਲ ਕੰਮ ਕਰੇ। ਪੰਜਾਬ ਇਕ ਅਜਿਹਾ ਪਹਿਲਾ ਸੂਬਾ ਹੈ, ਜਿਥੇ ਟਮਾਟਰਾਂ ਪ੍ਰਤੀ ਟ੍ਰੇਸੀਬਿਲਟੀ ਆਈ। ਟ੍ਰੇਸੀਬਿਲਟੀ ਤੋਂ ਭਾਵ ਫ਼ਸਲ ਦਾ ਬੀਜ਼ ਕਿਥੋਂ ਆਇਆ, ਉਸ ਦੀ ਖੇਤੀ ਕਿੱਥੇ ਹੋਈ ਤੇ ਫ਼ਸਲ ਕਿੱਥੋਂ ਮੰਡੀ ਪਹੁੰਚੀ। ਇਸ ਲਈ ਜੇ. ਪੀ. ਜੀ. ਏ. ਨੇ ਬੇਹੱਦ ਕੰਮ ਕੀਤਾ। ਅਸੀਂ ਇਕ ਐਪ ਬਣਾਈ ਹੈ, ਜਿਸ 'ਚ ਅਸੀਂ ਸਬਜ਼ੀਆਂ ਬਾਰੇ ਉਹ ਸਾਰੀ ਜਾਣਕਾਰੀ ਦੇਵਾਂਗੇ, ਜੋ ਇਸ ਵੇਲੇ ਟਮਾਟਰਾਂ ਬਾਰੇ ਉਪਲਬੱਧ ਹੈ। ਭਾਵ ਟ੍ਰੇਸੀਬਿਲਟੀ ਤੋਂ ਸਭ ਟ੍ਰੇਸ ਕੀਤਾ ਜਾ ਸਕਦਾ ਹੈ, ਸਬਜ਼ੀ ਕਿੱਥੇ ਆਈ ਤੇ ਬੀਜ ਕਿੱਥੋਂ ਆਇਆ ਸੀ।
ਬਾਰਡਰ ਖੁੱਲ੍ਹੇ ਤਾਂ ਵਧੇਗਾ ਐਕਸਪੋਰਟ
'ਜਲੰਧਰ ਪਟੈਟੋ ਗਰੋਅਰਜ਼ ਐਸੋਸੀਏਸ਼ਨ' ਦੇ ਪ੍ਰਧਾਨ ਨੇ ਦੱਸਿਆ ਕਿ ਅਸੀਂ ਵਰਲਡ ਕੈਪ ਸਟੈਂਡਰਡ ਦੇ ਮੈਂਬਰ ਹਾਂ। ਸਾਡੇ ਖੇਤਾਂ ਦਾ ਪਾਣੀ ਤੇ ਮਿੱਟੀ ਹਰ ਸਾਲ ਟੈਸਟ ਹੁੰਦੀ ਹੈ, ਜਿਸ ਨਾਲ ਅਸੀਂ ਸੋਖਾਲੇ ਢੰਗ ਨਾਲ ਐਕਸਪੋਰਟ ਕਰ ਸਕਦੇ ਹਾਂ। ਬਾਕੀ ਕਿਸਾਨਾਂ ਨੂੰ ਵੀ ਇਸ ਦਾ ਮੈਂਬਰ ਬਣਨਾ ਚਾਹੀਦਾ ਹੈ। ਪੰਜਾਬ ਇਕ ਅਜਿਹਾ ਸੂਬਾ ਹੈ, ਜੋ ਭਾਰਤ ਦੀ ਟੇਲ ’ਤੇ ਹੈ। ਸਾਨੂੰ ਸਿਰਫ ਉਸ ਤਰ੍ਹਾਂ ਦੀਆਂ ਫ਼ਸਲਾਂ ਦੀ ਹੀ ਖੇਤੀ ਕਰਨੀ ਚਾਹੀਦੀ ਹੈ, ਜੋ ਐਕਸਪੋਰਟ ਹੋ ਸਕਣ। ਅੱਜ ਜੇਕਰ ਅਸੀਂ ਐਕਸਪੋਰਟ ਕਰਨਾ ਹੈ ਤਾਂ ਸਾਨੂੰ ਬੈਂਗਲੁਰੂ ਨਾਲੋਂ ਤਹਿਰਾਨ ਨੇੜੇ ਹੈ। ਤਹਿਰਾਨ 1600 ਕਿ.ਮੀ. ਹੈ, ਜਿਥੋਂ ਤਕ ਸੜਕਾਂ ਬਣ ਰਹੀਆਂ ਹਨ, ਜੋ ਜਲਦ ਹੀ ਅਵਾਜਾਈ ਲਈ ਸ਼ੁਰੂ ਹੋ ਜਾਣਗੀਆਂ, ਜਿਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਾਂਗੇ। ਜੇਕਰ ਸਰਕਾਰ ਵਲੋਂ ਬਾਰਡਰ ਖੋਲ੍ਹ ਦਿੱਤਾ ਜਾਵੇ ਤਾਂ ਇਸ ਨਾਲ ਐਕਸਪੋਰਟ ਵੱਧੇਗਾ । ਇਸ ਨਾਲ ਪੰਜਾਬ ਚੌਖੀ ਤਰੱਕੀ ਕਰੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News