Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ ਜਾਨ

Monday, Jun 29, 2026 - 12:41 PM (IST)

Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ ਜਾਨ

ਲੋਹੀਆਂ ਖਾਸ (ਸੱਦੀ)-ਇਕ ਕਿਸਾਨ ਦੀ ਉਸ ਸਮੇਂ ਦਰਦਨਾਕ ਮੌਤ ਹੋ ਗਈ ਜਦੋਂ ਉਹ ਖੇਤਾਂ ਵਿਚ ਝੋਨਾ ਲਾਉਣ ਲਈ ਜ਼ਮੀਨ ਤਿਆਰ ਕਰ ਰਿਹਾ ਸੀ। ਬਿਜਲੀ ਦੇ ਟਰਾਂਸਫਾਰਮਰ 'ਤੇ ਜੰਪਰ ਡਿੱਗਣ ਕਾਰਨ ਖੇਤ ਵਿਚ ਖੜ੍ਹੇ ਪਾਣੀ ਅੰਦਰ ਕਰੰਟ ਆ ਗਿਆ, ਜਿਸ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਖਵਿੰਦਰ ਸਿੰਘ (66) ਪੁੱਤਰ ਦਰਸ਼ਨ ਸਿੰਘ, ਵਾਸੀ ਮਹਿਰਾਜਵਾਲਾ (ਹਾਲ ਵਾਸੀ ਪੱਡਾ ਕਾਲੋਨੀ, ਲੋਹੀਆਂ ਖਾਸ) ਬੀਤੀ 26 ਜੂਨ ਨੂੰ ਆਪਣੇ ਖੇਤਾਂ ਵਿਚ ਝੋਨੇ ਦੀ ਬਿਜਾਈ ਲਈ ਕੱਦੂ ਕਰ ਰਿਹਾ ਸੀ। ਜਦੋਂ ਉਹ ਖੇਤ ਵਿਚ ਲੱਗੇ ਟਰਾਂਸਫਾਰਮਰ ਦੇ ਹੇਠਾਂ ਖੜ੍ਹੇ ਪਾਣੀ ਵਿਚੋਂ ਘਾਹ ਵਗੈਰਾ ਬਾਹਰ ਕੱਢ ਰਿਹਾ ਸੀ ਤਾਂ ਟਰਾਂਸਫਾਰਮਰ ਦੇ ਤਿੰਨ ਜੰਪਰ ਅਚਾਨਕ ਟੁੱਟ ਕੇ ਟਰਾਂਸਫਾਰਮਰ ਉੱਤੇ ਹੀ ਡਿੱਗ ਪਏ। ਇਸ ਕਾਰਨ ਟਰਾਂਸਫਾਰਮਰ ਦੇ ਨਾਲ-ਨਾਲ ਖੇਤ ਵਿਚ ਖੜ੍ਹੇ ਪਾਣੀ ਵਿਚ ਵੀ ਤੇਜ਼ ਕਰੰਟ ਫੈਲ ਗਿਆ ਅਤੇ ਕਰੰਟ ਦੀ ਲਪੇਟ ’ਚ ਆਉਣ ਕਾਰਨ ਕਿਸਾਨ ਸੁਖਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਜਾਬ ਦੇ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਹੋਈ ਵੱਡੀ ਕਾਰਵਾਈ

ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਜਦੋਂ ਕਿਸਾਨ ਸੁਖਵਿੰਦਰ ਸਿੰਘ ਨੂੰ ਖੇਤ ਵਿਚ ਡਿੱਗਿਆ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਨੇੜਲੇ ਖੇਤ ਵਿਚ ਕੰਮ ਕਰਦਾ ਉਸ ਦਾ ਭਰਾ ਕਸ਼ਮੀਰ ਸਿੰਘ, ਗੁਆਂਢੀ ਅਤੇ ਹੋਰ ਮਜ਼ਦੂਰ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸੁਖਵਿੰਦਰ ਸਿੰਘ ਨੂੰ ਖੇਤ ਦੇ ਖੜ੍ਹੇ ਪਾਣੀ ਵਿਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਪਰ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਤੋਂ ਬਾਅਦ ਪੁਲਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੇਹ ਨੂੰ ਮੋਰਚਰੀ ਵਿਚ ਰੱਖਵਾ ਦਿੱਤਾ ਹੈ। ਮੰਗਲਵਾਰ ਨੂੰ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਬੱਚੇ ਅਤੇ ਭਰਾ ਅਮਰੀਕਾ ਵਿਖੇ ਰਹਿ ਰਹੇ ਹਨ ਅਤੇ ਮੰਗਲਵਾਰ ਨੂੰ ਉਨ੍ਹਾਂ ਦੇ ਇਥੇ ਪਹੁੰਚਣ ਤੋਂ ਬਾਅਦ ਹੀ ਮ੍ਰਿਤਕ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ Alert! 4 ਜੁਲਾਈ ਤੱਕ ਮੌਸਮ ਦੀ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News