ਸਮਰਾਲਾ ਤੋਂ ਵੱਡੀ ਖ਼ਬਰ, ਘੁਲਾਲ ਟੋਲ ਪਲਾਜ਼ਾ ''ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Monday, Sep 27, 2021 - 01:25 PM (IST)
ਸਮਰਾਲਾ (ਗਰਗ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨੀ ਸੰਘਰਸ਼ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਭਾਵੁਕ ਹੋ ਕੇ ਸਥਾਨਕ ਘੁਲਾਲ ਟੋਲ ਪਲਾਜ਼ੇ 'ਤੇ ਬੀਤੀ ਰਾਤ ਇਕ ਕਿਸਾਨ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਇਥੋਂ ਨਜ਼ਦੀਕ ਪਿੰਡ ਰੌਲੇ ਦੇ 65 ਸਾਲਾ ਕਿਸਾਨ ਤਾਰਾ ਸਿੰਘ ਕਰੀਬ ਪਿਛਲੇ ਇਕ ਸਾਲ ਤੋਂ ਕਿਸਾਨ ਸੰਘਰਸ਼ ਆਰੰਭ ਹੋਣ ਦੇ ਦਿਨਾਂ ਤੋਂ ਹੀ ਘੁਲਾਲ ਟੋਲ ਪਲਾਜ਼ੇ 'ਤੇ ਲਗਾਤਾਰ ਧਰਨੇ ਵਿਚ ਸ਼ਮੂਲੀਅਤ ਕਰਦਾ ਆ ਰਿਹਾ ਸੀ।
ਮ੍ਰਿਤਕ ਕਿਸਾਨ ਦੀ ਪਤਨੀ ਵੀ ਪਿਛਲੇ 10 ਮਹੀਨਿਆਂ ਤੋਂ ਟਿੱਕਰੀ ਬਾਰਡਰ 'ਤੇ ਕਿਸਾਨ ਸੰਘਰਸ਼ ਵਿਚ ਲੰਗਰ ਦੀ ਸੇਵਾ ਨਿਭਾਅ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਤਾਰਾ ਸਿੰਘ ਹਮੇਸ਼ਾ ਹੀ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੀਤੀ ਜਾ ਰਹੀ ਅਣਦੇਖੀ ਕਾਰਨ ਚਿੰਤਾ ਵਿੱਚ ਰਹਿੰਦਾ ਸੀ।
ਇਹ ਵੀ ਪੜ੍ਹੋ : ਖੰਨਾ 'ਚ ਦਿਲ ਦਹਿਲਾਉਣ ਵਾਲੀ ਘਟਨਾ, ਮੁੰਡੇ ਨੇ ਐਕਟਿਵਾ 'ਤੇ ਬੈਠੀ ਕੁੜੀ 'ਤੇ ਸੁੱਟਿਆ ਤੇਜ਼ਾਬ
ਇਸ ਕਾਰਨ ਬੀਤੀ ਰਾਤ ਉਸ ਨੇ ਟੋਲ ਪਲਾਜ਼ਾ ਵਿਖੇ ਆਪਣੀ ਜਾਨ ਦੇ ਦਿੱਤੀ। ਕਿਸਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ। ਅੱਜ ਦੇਸ਼ ਭਰ ਵਿੱਚ ਚੱਕਾ ਜਾਮ ਹੋਣ ਕਾਰਨ ਮ੍ਰਿਤਕ ਕਿਸਾਨ ਦੀ ਪਤਨੀ ਨੂੰ ਟਿੱਕਰੀ ਬਾਰਡਰ ਤੋਂ ਵਾਪਸ ਆਉਣ 'ਚ ਮੁਸ਼ਕਲ ਹੋਣ ਕਾਰਨ ਤਾਰਾ ਸਿੰਘ ਦਾ ਸਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ