‘ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ’ ਦੀ ਕਹਾਵਤ ਸੱਚ ਕਰਨ ਦੇ ਰਾਹ ਪਏ ਮਲਵਈ

Thursday, Jun 28, 2018 - 02:36 AM (IST)

‘ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ’ ਦੀ ਕਹਾਵਤ ਸੱਚ ਕਰਨ ਦੇ ਰਾਹ ਪਏ ਮਲਵਈ

ਨਥਾਣਾ(ਬੱਜੋਆਣੀਆਂ)-ਦੁਆਬੇ ਤੋਂ ਬਾਅਦ ਹੁਣ ਮਾਲਵੇ ਦੇ ਕਿਸਾਨ ਵੀ ‘ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ’ ਦੀ ਕਹਾਵਤ ਸੱਚ ਕਰਨ ਦੇ ਰਾਹ ਪੈ ਗਏ ਹਨ, ਉਨ੍ਹਾਂ ਨੇ ਵੀ ਸਾਲ ਵਿਚ ਦੋ ਮੁੱਖ ਹਾੜੀ ਸਾਉਣੀ ਫਸਲਾਂ ਦੀ ਥਾਂ ਤੀਸਰੀ ਮੱਕੀ ਦੀ ਫਸਲ ਵੱਲ ਰੁਖ ਕਰ ਲਿਆ ਹੈ, ਉਹ ਇਸ ਤੋਂ ਚੰਗਾ ਮੁਨਾਫਾ ਕਮਾਉਣ ਲੱਗ ਪਏ ਹਨ। ਬਹੁਤ ਸਾਰੇ ਕਿਸਾਨਾਂ ਨੇ ਰਵਾਇਤੀ ਫਸਲਾਂ ਨੂੰ ਛੱਡ ਕੇ ਸਬਜ਼ੀਆਂ, ਦਾਲਾਂ, ਮੱਕੀ, ਗੰਨਾ ਆਦਿ ਵਪਾਰਕ ਫਸਲਾਂ ਵੱਲ ਰੁਝਾਨ ਕੀਤਾ ਹੈ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਗੁਰਾਂਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਮੱਕੀ ਦੀ ਬੀਜਾਈ ਹੇਠ ਰਕਬੇ ਵਿਚ ਹਰ ਸਾਲ ਵਾਧਾ ਹੋਣ ਲੱਗਾ ਹੈ। ਇਸ ਦੇ ਨਾਲ ਹੀ ਕਿਸਾਨ ਮੂੰਗੀ ਦੀ ਫਸਲ ਵੀ ਪੈਦਾ ਕਰ ਰਹੇ ਹਨ। ਇਸ ਮੰਤਵ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਮੂੰਗੀ ਦਾ ਬੀਜ ਮੁਫਤ ਵੰਡਿਆ ਜਾਂਦਾ ਹੈ। ਪਿੰਡ ਨਾਥਪੁਰਾ ਦੇ ਮੁਕੰਦ ਸਿੰਘ ਨੇ ਦੱਸਿਆ ਕਿ ਆਲੂਆਂ ਤੋਂ ਬਾਅਦ ਬੀਜੀ ਮੱਕੀ ਦੀ ਫਸਲ ਤਿੰਨ ਮਹੀਨਿਆਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਝਾੜ ਅਠਾਰਾਂ ਤੋਂ ਵੀਹ ਕੁਇੰਟਲ ਅਾਸਾਨੀ ਨਾਲ ਨਿਕਲਦਾ ਹੈ। ਉਸ ਅਨੁਸਾਰ ਮੱਕੀ ਦੀ ਫਸਲ ਪਾਲਣ ਲਈ ਕੋਈ ਬਹੁਤਾ ਖਰਚਾ ਵੀ ਨਹੀਂ ਕਰਨਾ ਪੈਂਦਾ। ਇਸ ਤਰ੍ਹਾਂ ਦੋ ਪ੍ਰਮੁੱਖ ਫਸਲਾਂ ਦੇ ਦਰਮਿਆਨ ਮੱਕੀ ਦੀ ਆਮਦਨ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਰਹੀ ਹੈ। ਕਿਸਾਨ ਗੁਰਤੇਜ ਸਿੰਘ ਨਥਾਣਾ ਨੇ ਦੱਸਿਆ ਕਿ ਡੇਅਰੀ ਮਾਲਕ ਪਸ਼ੂਆਂ ਦੇ ਚਾਰੇ ਲਈ ਖੇਤ ਵਿਚ ਖੜ੍ਹੀ ਮੱਕੀ ਦੀ ਫਸਲ ਦੀ ਖਰੀਦ ਵੀ ਕਰ ਲੈਂਦੇ ਹਨ। ਪਸ਼ੂ ਖੁਰਾਕ ਤਿਆਰ ਕਰਨ ਦਾ ਕਾਰੋਬਾਰ ਕਰਨ ਵਾਲੇ ਕੁਲਦੀਪ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਪਸ਼ੂ ਖੁਰਾਕ ਵਿਚ ਵਰਤੋਂ ਕਰਨ ਵਾਲੀ ਮੱਕੀ ਪਹਿਲਾਂ ਦੁਆਬੇ ਦੀਆਂ ਮੰਡੀਆਂ ਵਿਚੋਂ ਖਰੀਦਣੀ ਪੈਂਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਲੋੜ ਸਥਾਨਕ ਮੰਡੀਆਂ ਵਿਚੋਂ ਹੀ ਪੂਰੀ ਹੋਣ ਲੱਗ ਪਈ ਹੈ। ਹੁਣ ਤਾਂ ਮਾਲਵੇ ਵਿਚ ਮੱਕੀ ਦੀ ਫਸਲ ਤੋਂ ਬੀਅਰ ਵੀ ਤਿਆਰ ਹੋਣ ਲੱਗੀ ਹੈ। ਜੇਕਰ ਸਰਕਾਰ ਇਸ ਖਿੱਤੇ ਵਿਚ ਮੱਕੀ ਨੂੰ ਵੱਖ-ਵੱਖ ਢੰਗਾਂ ਨਾਲ ਪ੍ਰੋਸੈਸਿੰਗ ਕਰਨ ਦਾ ਉਪਰਾਲਾ ਕਰੇ ਤਾਂ ਅਜਿਹਾ ਉਦਮ ਆਰਥਿਕ ਮੰਦਹਾਲੀ ਦਾ ਸ਼ਿਕਾਰ ਅਤੇ ਕਰਜ਼ੇ ਵਿਚ ਡੁੱਬੀ ਕਿਸਾਨੀ ਲਈ ਆਸ ਦੀ ਨਵੀਂ ਕਿਰਨ ਪੈਦਾ ਕਰਨ ਦਾ ਸਬੱਬ ਬਣ ਸਕਦਾ ਹੈ।   
 


Related News