ਕਿਸਾਨਾਂ ਦੀ ਕੁੱਟ-ਮਾਰ ਦਾ ਮਾਮਲਾ ਭਖ਼ਿਆ, ਪਿੰਡ ਵਾਸੀਆਂ ਨੇ ਪੁਲਸ ਵਿਭਾਗ ਦੀ ਫੂਕੀ ਅਰਥੀ
Thursday, Jun 28, 2018 - 02:06 AM (IST)
ਸੰਗਤ ਮੰਡੀ(ਮਨਜੀਤ)-ਬੀਤੇ ਦਿਨ ਪਿੰਡ ਕੋਟਗੁਰੂ ਵਿਖੇ ਅਦਾਲਤ ’ਚ ਚੱਲਦੇ ਕੇਸ ’ਚ ਸਿਆਸੀ ਦਬਾਅ ਤਹਿਤ ਪੁਲਸ ਦੀ ਦਖ਼ਲ-ਅੰਦਾਜ਼ੀ ਅਤੇ ਕਿਸਾਨਾਂ ਦੀ ਕੁੱਟ-ਮਾਰ ਦਾ ਮਾਮਲਾ ਭੱਖ਼ਦਾ ਨਜ਼ਰ ਆ ਰਿਹਾ ਹੈ। ਅੱਜ ਪਿੰਡ ਕੋਟਗੁਰੂ ਵਿਖੇ ਨੌਜਵਾਨ ਭਾਰਤ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੁਲਸੀਆ ਜਬਰ ਵਿਰੁੱਧ ਪੰਜਾਬ ਪੁਲਸ ਦੀ ਅਰਥੀ ਫੂਕ ਕੇ ਪੁਲਸ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਕੋਟਗੂਰੂ ਨੇ ਕਿਹਾ ਕਿ ਬੀਤੇ ਦਿਨ ਪਿੰਡ ਦੇ ਸਿਆਸੀ ਆਗੂਆਂ ਦੀ ਸ਼ਹਿ ’ਤੇ ਸੰਗਤ ਪੁਲਸ ਨੇ ਪਿੰਡ ਦੇ ਬੇਕਸੂਰ ਕਿਸਾਨ ਬਲਕਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਗਗਨਦੀਪ ਸਿੰਘ ਪੁੱਤਰ ਗਮਦੂਰ ਸਿੰਘ ਦੀ ਬੇਵਜ੍ਹਾ ਕੁੱਟ-ਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸਾਨ ਗੁਰਮੇਲ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਪਿੰਡ ਦੇ ਹੀ ਦੂਸਰੇ ਕਿਸਾਨ ਨੱਥਾ ਸਿੰਘ ਪੁੱਤਰ ਭਗਤ ਸਿੰਘ ਨਾਲ ਪਾਣੀ ਦੇ ਖ਼ਾਲ ਨੂੰ ਲੈ ਕੇ ਆਪਸੀ ਝਗੜਾ ਮਾਣਯੋਗ ਅਦਾਲਤ ਦੇ ਵਿਚਾਰ ਅਧੀਨ ਚੱਲ ਰਿਹਾ ਹੈ ਪਰ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਥਾਣਾ ਸੰਗਤ ਦੀ ਪੁਲਸ ਨੇ ਕਿਸੇ ਸਿਆਸੀ ਦਬਾਅ ਥੱਲੇ ਨੱਥਾ ਸਿੰਘ ਦੇ ਖੇਤਾਂ ਨੂੰ ਜਬਰੀ ਪਾਣੀ ਲਵਾਉਣਾ ਸ਼ੁਰੂ ਕਰ ਦਿੱਤਾ। ਇਸ ਦਾ ਪਤਾ ਲੱਗਣ ’ਤੇ ਜਦੋਂ ਗੁਰਮੇਲ ਸਿੰਘ ਖ਼ੇਤ ’ਚ ਪੁੱਜਾ ਅਤੇ ਪੁਲਸ ਤੋਂ ਮਾਮਲੇ ਬਾਰੇ ਪੁੱਛਣ ਲੱਗਾ ਤਾਂ ਨੇੜਲੇ ਖ਼ੇਤ ਦੇ ਕਿਸਾਨ ਬਲਕਰਨ ਸਿੰਘ ਵੱਲੋਂ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਪੁਲਸ ਨੇ ਤੈਸ਼ ’ਚ ਆ ਕੇ ਬਲਕਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਗਗਨਦੀਪ ਸਿੰਘ ਪੁੱਤਰ ਗਮਦੂਰ ਸਿੰਘ ਦੀ ਕੁੱਟ-ਮਾਰ ਕਰ ਕੇ ਉਨ੍ਹਾਂ ਨੂੰ ਥਾਣੇ ’ਚ ਬੰਦ ਕਰ ਦਿੱਤਾ। ਕਿਸਾਨ ਆਗੂ ਰਾਮ ਸਿੰਘ ਨੇ ਕਿਹਾ ਕਿ ਪੁਲਸ ਵਿਭਾਗ ਪੀੜਤਾਂ ਨੂੰ ਇਨਸਾਫ਼ ਦੇਣ ਲਈ ਹੁੰਦਾ ਹੈ ਨਾ ਕਿ ਉਨ੍ਹਾਂ ਨੂੰ ਜ਼ਲੀਲ ਕਰਨ ਲਈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਤੋਂ ਪੀੜਤ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਸੰਗਤ ਥਾਣੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਗੋਰਾ ਸਿੰਘ, ਬਲਕਰਨ ਸਿੰਘ ਬੱਗਾ, ਮਹਿੰਦਰ ਸਿੰਘ ਖ਼ਾਲਸਾ, ਜਸਪਾਲ ਸਿੰਘ ਕੋਟਗੁਰੂ, ਹਰਵਿੰਦਰ ਸਿੰਘ ਗਾਗੀ ਅਤੇ ਗੁਰਸੇਵਕ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਮੌਜੂਦ ਸਨ।
