ਮਾਈਨਰ ''ਚ ਪਿਆ ਡੂੰਘਾ ਪਾੜ
Wednesday, Jan 03, 2018 - 06:40 AM (IST)
ਚਾਉਂਕੇ(ਸ਼ਾਮ)- ਹੰਡਿਆਇਆ-ਜਿਉਂਦ ਮਾਈਨਰ ਜੋ ਤਪਾ, ਘੁੜੈਲੀ 'ਚੋਂ ਹੋ ਕੇ ਲੰਘਦਾ ਹੈ ਅੱਜ ਸਵੇਰੇ ਘੁੜੈਲੀ ਕੋਲੋਂ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਪਾਣੀ ਓਵਰਫਲੋ ਹੋਣ ਕਾਰਨ ਦੂਸਰੀ ਵਾਰ 10-15 ਫੁੱਟ ਦਾ ਪਾੜ ਪੈ ਜਾਣ ਨਾਲ ਕਈ ਕਿਸਾਨਾਂ ਦੀ ਫ਼ਸਲ ਤਬਾਹ ਹੋ ਜਾਣ 'ਤੇ ਕਿਸਾਨਾਂ 'ਚ ਨਹਿਰੀ ਮਹਿਕਮੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਨੇੜਿਓਂ ਲੰਘਦੇ ਮਾਈਨਰ ਦੀ ਪਿੰਡ ਨੇੜੇ ਸਫ਼ਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਵਿਚ ਘਾਹ ਫੂਸ ਵੱਡੀ ਰੁਕਾਵਟ ਬਣ ਜਾਂਦਾ ਹੈ, ਇਸੇ ਕਾਰਨ ਅੱਜ ਸਵੇਰੇ ਸੂਏ 'ਚ ਪਾਣੀ ਓਵਰਫਲੋ ਹੋ ਕੇ ਪਾੜ ਪੈ ਗਿਆ ਅਤੇ ਅੱਧੀ ਦਰਜਨ ਦੇ ਕਰੀਬ ਕਿਸਾਨਾਂ ਮੇਜਰ ਸਿੰਘ, ਗਗਨ ਸਿੰਘ, ਜੱਗਾ ਸਿੰਘ, ਭੋਲਾ ਸਿੰਘ, ਗੁਰਜੰਟ ਸਿੰਘ ਦੀ 30-40 ਏਕੜ ਖੜ੍ਹੀ ਕਣਕ ਅਤੇ ਆਲੂਆਂ ਦੀ ਫਸਲ 'ਚ ਪਾਣੀ ਭਰ ਗਿਆ। ਕਿਸਾਨਾਂ ਨੇ ਦੱਸਿਆ ਕਿ ਪਾੜ ਪੈਣ ਦਾ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਜ਼ਿਮੀਂਦਾਰਾਂ ਨੇ ਪਾੜ ਨੂੰ ਪੂਰਨ ਲਈ ਮਿੱਟੀ ਦੀਆਂ ਬੋਰੀਆਂ ਲਾ ਕੇ ਪਾੜ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਪਾਣੀ ਅੱਗੇ ਕਿਸਾਨ ਬੇਵੱਸ ਹੋ ਗਏ ਅਤੇ ਪਾਣੀ ਅੱਗੇ ਖੇਤਾਂ 'ਚ ਫੈਲਦਾ ਗਿਆ, ਜਿਸ ਕਾਰਨ ਉਨ੍ਹਾਂ ਆਪਣੇ ਖਰਚੇ 'ਤੇ ਜੇ. ਸੀ. ਬੀ. ਮਸ਼ੀਨ ਮੰਗਵਾ ਕੇ ਪਾੜ ਨੂੰ ਪੂਰਿਆ। ਇਸ ਮੌਕੇ ਸਰਪੰਚ ਹਰਦੀਪ ਸਿੰਘ, ਮੈਂਬਰ ਭੋਲਾ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਰੇਸ਼ਮ ਸਿੰਘ, ਵਜੀਰ ਸਿੰਘ, ਦਰਸ਼ਨ ਸਿੰਘ, ਭੁਪਿੰਦਰ ਸਿੰਘ ਆਦਿ ਕਿਸਾਨਾਂ ਨੇ ਨਹਿਰੀ ਮਹਿਕਮੇ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮਾਈਨਰ 'ਤੇ ਘਟੀਆ ਸਮੱਗਰੀ ਦੀ ਵਰਤੋਂ ਹੋਣ ਕਾਰਨ ਵਾਰ-ਵਾਰ ਪਾੜ ਪੈ ਰਿਹਾ ਹੈ ਅਤੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜਦ ਵਿਭਾਗ ਦੇ ਬੇਲਦਾਰਾਂ ਨੂੰ ਪਤਾ ਲੱਗਾ ਤਾਂ ਉਹ ਘਟਨਾ ਸਥਾਨ 'ਤੇ ਪੁੱਜ ਗਏ ਪਰ ਕੰਮ ਕਰਨ ਦੀ ਬਜਾਏ ਅੱਗ 'ਤੇ ਹੱਥ ਸੇਕਦੇ ਨਜ਼ਰ ਆਏ। ਪਿੰਡ ਦੇ ਕਿਸਾਨਾਂ ਨੇ ਨਹਿਰੀ ਮਹਿਕਮੇ ਤੋਂ ਮੰਗ ਕੀਤੀ ਕਿ ਹੰਡਿਆਇਆ ਮਾਈਨਰ ਦੀ ਸਫਾਈ ਕਰਵਾਈ ਜਾਵੇ ਤਾਂ ਕਿ ਪਾਣੀ ਬਿਨਾਂ ਕਿਸੇ ਰੁਕਾਵਟ ਤੋਂ ਲੰਘ ਸਕੇ ਤੇ ਕਿਸਾਨਾਂ ਦੇ ਹੁੰਦੇ ਨੁਕਸਾਨ ਨੂੰ ਬਚਾਇਆ ਜਾਵੇ। ਕਿਸਾਨਾਂ ਨੇ ਜ਼ਿਲੇ ਦੇ ਉਚ ਅਧਿਕਾਰੀਆਂ ਤੋਂ ਇਸ 'ਤੇ ਲੱਗੀ ਸਮੱਗਰੀ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਵੀ ਸਰਕਾਰ ਤੋਂ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਜਦ ਜੇ. ਈ. ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੂਏ 'ਚ ਕੋਈ ਆਵਾਰਾ ਪਸ਼ੂ ਆਉਣ ਕਾਰਨ ਪਾਣੀ ਓਵਰਫਲੋ ਹੋ ਕੇ ਪਾੜ ਪੈ ਗਿਆ ਹੈ, ਜਿਸ ਦਾ ਉਨ੍ਹਾਂ ਉਚ ਅਧਿਕਾਰੀਆਂ ਨੂੰ ਦੱਸ ਦਿੱਤਾ ਹੈ।
