ਬਾਰਦਾਨੇ ਦੀ ਆੜ ''ਚ ਸੂਬੇ ਦੇ ਕਿਸਾਨਾਂ ਨੂੰ ਲੱਗ ਰਿਹਾ 95 ਕਰੋੜ ਦਾ ਚੂਨਾ
Wednesday, Nov 01, 2017 - 04:09 AM (IST)

ਮੁੱਲਾਂਪੁਰ ਦਾਖਾ(ਕਾਲੀਆ)- ਕਰਜ਼ੇ ਦੀ ਮਾਰ ਹੇਠ ਦੱਬਿਆ ਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਸੂਬਾ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ, ਜੋ ਕਿਸਾਨਾਂ ਦਾ ਜੀਵਨ ਪੱਧਰ ਉੱਚ ਚੁੱਕਣ ਦੀ ਥਾਂ ਬਾਰਦਾਨੇ ਦੀ ਆੜ 'ਚ ਉਨ੍ਹਾਂ ਦੀ ਸ਼ਰੇਆਮ ਲੁੱਟ-ਖਸੁੱਟ ਕਰਵਾ ਰਹੀ ਹੈ, ਜਿਸ ਨਾਲ ਸੂਬੇ ਦੇ ਕਿਸਾਨਾਂ ਨੂੰ 95 ਕਰੋੜ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਹ ਪ੍ਰਗਟਾਵਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਅੱਜ ਅਨਾਜ ਮੰਡੀ ਮੁੱਲਾਂਪੁਰ ਵਿਖੇ ਝੋਨੇ ਦੀ ਫਸਲ ਦੇ ਬਾਰਦਾਨੇ ਦਾ ਨਾਪਤੋਲ ਘੱਟ ਪਾਏ ਜਾਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਕੈਪਟਨ ਸਰਕਾਰ ਨੇ 700 ਗ੍ਰਾਮ ਵਜ਼ਨ ਦੀ ਬੋਰੀ ਦੇਣ ਦੀ ਥਾਂ 500 ਗ੍ਰਾਮ ਦੀ ਬੋਰੀ ਭੇਜੀ ਹੈ ਅਤੇ ਨਾਪਤੋਲ ਸਮੇਂ 500 ਗ੍ਰਾਮ ਦੀ ਬੋਰੀ ਦਾ ਵਜ਼ਨ 700 ਗ੍ਰਾਮ ਵਿਚ ਹੀ ਗਿਣਿਆ ਜਾ ਰਿਹਾ ਹੈ, ਜਿਸ ਨਾਲ ਹਰ ਕਿਸਾਨ ਨੂੰ ਪ੍ਰਤੀ ਬੋਰੀ 200 ਗ੍ਰਾਮ ਝੋਨੇ ਦਾ ਚੂਨਾ ਲੱਗ ਰਿਹਾ ਹੈ। ਜੇਕਰ ਛੋਟੇ ਤੋਂ ਛੋਟੇ ਕਿਸਾਨ ਦੀ ਗੱਲ ਕਰੀਏ ਤਾਂ ਉਸ ਨੂੰ 5 ਕੁਇੰਟਲ ਝੋਨੇ ਦਾ ਚੂਨਾ ਲੱਗ ਰਿਹਾ ਹੈ। ਸ. ਬੈਂਸ ਨੇ ਕਿਹਾ ਕਿ ਬੀਤੇ ਸਾਲ 36 ਕਰੋੜ ਬਾਰਦਾਨੇ ਦੀ ਭਰਤੀ ਦੌਰਾਨ ਕਿਸਾਨਾਂ ਨੂੰ 95 ਕਰੋੜ ਦਾ ਚੂਨਾ ਲਾਇਆ ਗਿਆ। ਜੇਕਰ ਕੈਪਟਨ ਸਰਕਾਰ ਕਿਸਾਨਾਂ ਨੂੰ ਲਾਏ 95 ਕਰੋੜ ਰੁਪਏ ਦੀ ਠੱਗੀ ਦੇ ਪੈਸੇ ਉਨ੍ਹਾਂ ਦੇ ਕਰਜ਼ੇ 'ਤੇ ਹੀ ਖਰਚ ਕਰ ਦੇਵੇ ਤਾਂ ਪੰਜਾਬ ਦਾ ਕੋਈ ਵੀ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਨਾ ਕਰੇ। ਕਾਂਗਰਸ ਸਰਕਾਰ ਵੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਹ ਤੁਰੀ ਹੋਈ ਹੈ, ਜਿਸ ਦੀ ਬਦਨੀਤੀ ਕਾਰਨ 700 ਗ੍ਰਾਮ ਬੋਰੀ ਦੀ ਥਾਂ 500 ਗ੍ਰਾਮ ਦੀ ਬੋਰੀ ਭੇਜ ਕੇ ਠੱਗੀ ਮਾਰੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ 2015 ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਮੈਂ ਬਾਰਦਾਨੇ ਦੀ ਬੋਰੀ ਲੈ ਕੇ ਵਿਧਾਨ ਸਭਾ ਵਿਚ ਗਿਆ ਸੀ ਅਤੇ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਿਆ ਸੀ। ਸ. ਬੈਂਸ ਨੇ ਇਸ ਮੌਕੇ ਮੰਡੀਕਰਨ ਬੋਰਡ ਦੇ ਡਾਇਰੈਕਟਰ ਨੂੰ ਵੀ ਬਾਰਦਾਨੇ ਦੇ ਘੱਟ ਨਾਪਤੋਲ ਬਾਰੇ ਮੋਬਾਇਲ 'ਤੇ ਜਾਣਕਾਰੀ ਦਿੰਦਿਆਂ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਬੰਦ ਕਰਨ ਲਈ ਕਿਹਾ। ਬੈਂਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਿੱਤ ਲਈ ਫਸਲ ਇਕ ਜਾਂ ਦੋ ਦਿਨ ਭਾਵੇਂ ਲੇਟ ਵੇਚਣ ਪਰ ਆਪਣੀ ਲੁੱਟ-ਖਸੁੱਟ ਨਾ ਹੋਣ ਦੇਣ ਤੇ ਜਾਗਰੂਕ ਹੋ ਕੇ ਹੋਰ ਕਿਸਾਨਾਂ ਲਈ ਵੀ ਪਹਿਰਾ ਦੇਣ ਤਾਂ ਜੋ ਕਿਸਾਨ ਅਤੇ ਕਿਸਾਨੀ ਹਮੇਸ਼ਾ ਜਿਊਂਦੀ ਰਹਿ ਸਕੇ।
ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਹੋ ਰਹੀ ਕਿਸਾਨਾਂ ਦੀ ਸ਼ਰੇਆਮ ਚਿੱਟੇ ਦਿਨ ਲੁੱਟ-ਖਸੁੱਟ ਨੂੰ ਬੰਦ ਕਰਵਾਉਣ ਲਈ ਧਰਨੇ ਮਾਰੇ ਜਾਣਗੇ, ਸੜਕਾਂ ਜਾਮ ਕੀਤੀਆਂ ਜਾਣਗੀਆਂ ਅਤੇ ਵਿਧਾਨ ਸਭਾ 'ਚ ਮਸਲਾ ਉਠਾਵਾਂਗੇ ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਜੋ ਵੀ ਸਾਨੂੰ ਕੁਰਬਾਨੀ ਕਰਨੀ ਪਈ, ਕਰਾਂਗੇ। ਇਸ ਮੌਕੇ ਸੁਖਦੇਵ ਸਿੰਘ ਚੱਕ ਕਲਾਂ, ਦਲਬੀਰ ਸਿੰਘ ਨੀਟੂ, ਸੁਰਿੰਦਰ ਸਿੰਘ ਗਰੇਵਾਲ, ਪਰਮਿੰਦਰ ਸਿੰਘ ਸੋਮਾ, ਸਵਰਨਜੀਤ ਸਿੰਘ ਚਾਹਲ ਕੌਂਸਲਰ, ਜਸਵਿੰਦਰ ਸਿੰਘ ਖਾਲਸਾ, ਪ੍ਰਧਾਨ ਬਲਦੇਵ ਸਿੰਘ, ਦਲਵਿੰਦਰ ਸਿੰਘ, ਗੁਰਦੀਪ ਸਿੰਘ ਬੁਆਣੀ ਆਦਿ ਹਾਜ਼ਰ ਸਨ।