ਕਿਸਾਨਾਂ ਨੂੰ ਪਟਿਆਲਾ ਜਾਣ ਤੋਂ ਰੋਕਣ ਲਈ ਪੁਲਸ ਵੱਲੋਂ ਰੱਖੀ ਜਾ ਰਹੀ ਤਿੱਖੀ ਨਜ਼ਰ

Thursday, Sep 21, 2017 - 12:15 AM (IST)

ਜਲਾਲਾਬਾਦ(ਸੇਤੀਆ, ਟੀਨੂੰ, ਦੀਪਕ, ਬਜਾਜ, ਬੰਟੀ, ਗੁਲਸ਼ਨ)—ਸੱਤਾ ਸੰਭਾਲਣ ਤੋਂ ਪਹਿਲਾਂ ਕਿਸਾਨਾਂ ਨੂੰ ਕਰਜ਼ੇ ਮੁਆਫ ਕਰਨ ਦੇ ਸੁਪਨੇ ਦਿਖਾਉਣ ਵਾਲੀ ਕਾਂਗਰਸ ਸਰਕਾਰ ਵੱਲੋਂ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਕਰਜ਼ਾ ਮੁਆਫੀ ਸਬੰਧੀ ਕੋਈ ਵਿਸ਼ੇਸ਼ ਕਦਮ ਨਾ ਚੁੱਕੇ ਜਾਣ ਦੇ ਵਿਰੋਧ ਵਜੋਂ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ 22 ਸਤੰਬਰ ਤੋਂ 26 ਸਤੰਬਰ ਤੱਕ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਅੱਗੇ ਧਰਨਾ ਦੇਣ ਦਾ ਫੈਸਲੇ ਲੈਣ ਤੋਂ ਬਾਅਦ ਪੰਜਾਬ ਪੁਲਸ ਹੁਣ ਕਿਸਾਨਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰ ਕੇ ਕਿਸਾਨਾਂ ਦੇ ਘਰਾਂ ਅਤੇ ਕਿਸਾਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਛਾਪਾਮਾਰੀ ਕਰ ਕੇ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਉਧਰ ਫਿਰੋਜ਼ਪੁਰ ਰੋਡ 'ਤੇ ਡੀ. ਐੱਸ. ਪੀ. ਅਮਰਜੀਤ ਸਿੰਘ ਸਿੱਧੂ ਦੀ ਅਗੁਵਾਈ ਹੇਠ ਪੁਲਸ ਪਾਰਟੀ ਵੱਲੋਂ ਨਾਕੇਬੰਦੀ ਦੌਰਾਨ ਧਰਨੇ ਲਈ ਜਾ ਰਹੇ ਕਿਸਾਨਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਕਿ ਉਹ ਕਿੱਥੋਂ ਆਏ ਹਨ ਅਤੇ ਕਿਥੇ ਜਾ ਰਹੇ ਹਨ ਤੇ ਉਨ੍ਹਾਂ ਵਾਹਨ ਚਾਲਕਾਂ ਦੇ ਨਾਂ, ਮੋਬਾਇਲ ਨੰਬਰ ਅਤੇ ਵਾਹਨ ਨੰਬਰ ਵੀ ਨੋਟ ਕੀਤੇ ਜਾ ਰਹੇ ਹਨ। ਜੇਕਰ ਪੁਲਸ ਨੂੰ ਕੋਈ ਵੀ ਸ਼ੱਕੀ ਲੱਗਦਾ ਹੈ ਤਾਂ ਉਨ੍ਹਾਂ ਥਾਣੇ ਲਿਆ ਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕੀ ਕਹਿਣਾ ਹੈ ਐੱਸ ਪੀ. ਡੀ : ਇਸ ਸਬੰਧੀ ਜਦੋਂ ਐੱਸ ਪੀ. ਡੀ. ਮੁਖਤਿਆਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 22 ਸਤੰਬਰ ਨੂੰ ਪਟਿਆਲਾ 'ਚ ਇਕੱਠੇ ਹੋ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਜ਼ਿਲੇ ਭਰ ਵਿਚ ਸੁਚਾਰੂ ਕਦਮ ਉਠਾਏ ਗਏ ਹਨ। ਜ਼ਿਆਦਾ ਉਮਰ ਵਾਲੇ ਕਿਸਾਨਾਂ ਦੇ ਘਰਾਂ ਵਿਚ ਹੀ ਪੁਲਸ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੂੰੂ ਸਮਝਾਇਆ ਵੀ ਜਾ ਰਿਹਾ ਹੈ। ਇਸ ਤੋਂ ਇਲਾਵਾ ਨੌਜਵਾਨ ਕਿਸਾਨ ਆਗੂਆਂ ਨੂੰ ਵੀ ਸਾਫ ਸ਼ਬਦਾਂ ਵਿਚ ਸਮਝਾਇਆ ਜਾ ਰਿਹਾ ਹੈ ਕਿ ਉਹ ਮਾਹੌਲ ਨੂੰ ਖਰਾਬ ਨਾ ਕਰਨ। ਜੇਕਰ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। 


Related News