ਪਿਤਾ ਅਤੇ ਪੁੱਤਰ ਦੀ ਬਿਮਾਰੀ ਕਰਕੇ ਸਿਰ ਚੜ੍ਹੇ ਕਰਜ਼ੇ ਤੋਂ ਤੰਗ 40 ਸਾਲਾ ਕਿਸਾਨ ਨੇ ਕੀਤੀ ਖ਼ੁਦਕੁਸ਼ੀ

Wednesday, Mar 22, 2023 - 06:10 PM (IST)

ਮਲੋਟ (ਜੁਨੇਜਾ) : ਮਲੋਟ ਉਪ ਮੰਡਲ ਦੇ ਪਿੰਡ ਸ਼ਾਮ ਖੇੜਾ ਦੇ ਇਕ 40 ਸਾਲਾ ਗਰੀਬ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਕਬਰਵਾਲਾ ਦੀ ਪੁਲਸ ਵਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸ਼ਾਮਖੇੜਾ ਵਾਸੀ ਗੁਲਾਬ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਭਰਾ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਗੁਲਾਬ ਸਿੰਘ ਪੁੱਤਰ ਅਵਤਾਰ ਸਿੰਘ ਕੋਲ ਸਿਰਫ ਡੇਢ ਏਕੜ ਜ਼ਮੀਨ ਸੀ ਜਿਸ ਦੇ ਦੋ ਬੱਚੇ ਇਕ ਲੜਕਾ ਅਤੇ ਇਕ ਲੜਕੀ ਹੈ ਜਿਸ ਦਾ ਲੜਕਾ ਬਚਪਨ ਤੋਂ ਮੰਦਬੁੱਧੀ ਹੋਣ ਕਰਕੇ ਅਤੇ ਬਜ਼ੁਰਗ ਪਿਤਾ ਬਿਮਾਰ ਹੋਣ ਕਰਕੇ ਦੋਵਾਂ ਦੇ ਇਲਾਜ ਕਾਰਨ ਇਸ ਦੇ ਸਿਰ ਕਰਜ਼ਾ ਚੜ੍ਹ ਗਿਆ। 

ਗੁਲਾਬ ਸਿੰਘ ਨੇ ਬੈਂਕ ਅਤੇ ਫਾਈਨਾਂਸ ਵਾਲਿਆਂ ਦੇ ਪੈਸੇ ਦੇਣੇ ਸਨ ਜਿਸ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਜਿਸ ਨੇ ਸ਼ਾਮ ਨੂੰ ਤੂੜੀ ਵਾਲੇ ਕਮਰੇ ਵਿਚ ਅੰਦਰ ਵੜ ਕਿ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਦੇ ਸਰਪੰਚ ਗੁਲਾਬ ਸਿੰਘ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਅਲਬੇਲ ਸਿੰਘ ਅਤੇ ਸੁਰਜੀਤ ਘੱਗਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਪਰਿਵਾਰ ਦੀ ਆਰਥਿਕ ਮਦਦ ਕਰੇ ਅਤੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ। ਦੂਜੇ ਪਾਸੇ ਥਾਣਾ ਕਬਰਵਾਲਾ ਦੇ ਏ. ਐੱਸ. ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਪਿੰਡ ਸ਼ਾਮ ਖੇੜਾ ਦੇ ਗੁਲਾਬ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ। ਪਰਿਵਾਰ ਨੇ ਉਸਨੂੰ ਮਲੋਟ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਜਿਥੇ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਪਰ ਗੁਲਾਬ ਸਿੰਘ ਰਸਤੇ ਵਿਚ ਦਮ ਤੋੜ ਗਿਆ। ਪੁਲਸ ਵਲੋਂ ਪਰਵਾਰ ਦੇ ਬਿਆਨਾਂ ਤੇ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। 


Gurminder Singh

Content Editor

Related News