ਕੈਪਟਨ ਸਰਕਾਰ ਵਲੋਂ ਕਰਜ਼ਾ ਮੁਆਫੀ ਲਈ ਜਾਰੀ ਕੀਤੀ ਪਹਿਲੀ ਸੂਚੀ ਵਿਵਾਦਾਂ ''ਚ
Wednesday, Jan 03, 2018 - 07:29 PM (IST)
ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੌਰਾਨ ਵੱਡੇ ਵਾਅਦੇ ਕਰਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਨੇ ਕਿਸਾਨ ਕਰਜ਼ ਮੁਆਫੀ ਲਈ ਜਾਂਚ ਤੋਂ ਬਾਅਦ 5.63 ਲੱਖ ਕਿਸਾਨਾਂ ਦੀ ਸੂਚੀ ਜਾਰੀ ਕੀਤੀ ਹੈ ਹਾਲਾਂਕਿ ਇਹ ਸੂਚੀ ਬੀਤੇ ਵਰ੍ਹੇ ਦਿੱਤੇ ਗਏ ਪ੍ਰਸਤਾਅ ਜਿਸ ਵਿਚ 10 ਲੱਖ ਕਿਸਾਨਾਂ ਦੇ ਕਰਜ਼ ਮੁਆਫੀ ਦਾ ਜ਼ਿਕਰ ਕੀਤਾ ਗਿਆ ਸੀ ਨਾਲੋਂ ਕਿੱਤੇ ਘੱਟ ਹੈ। ਕਰਜ਼ਾ ਮੁਆਫੀ ਦੀ ਸ਼ੁਰੂਆਤ 7 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਮਾਨਸਾ ਤੋਂ ਕਰਨ ਜਾ ਰਹੇ ਹਨ। 170 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵਿਚ 46000 ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਇਨ੍ਹਾਂ ਵਿਚ ਪੰਜ ਜ਼ਿਲਿਆਂ ਮਾਨਸਾ, ਮੋਗਾ, ਮੁਕਤਸਰ, ਬਠਿੰਡਾ ਅਤੇ ਫਰੀਦਕੋਟ ਦੇ ਕਿਸਾਨ ਸ਼ਾਮਲ ਹਨ।
ਪੰਜਾਬ ਸਰਕਾਰ ਨੇ ਉਨ੍ਹਾਂ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੀ ਤਜਵੀਜ਼ ਵਿਚ ਸ਼ਾਮਲ ਕੀਤਾ ਹੈ ਜਿਨ੍ਹਾਂ ਦੀ ਜ਼ਮੀਨ 2.5 ਏਕੜ ਤੋਂ ਘੱਟ ਹੈ ਅਤੇ ਜਿਨ੍ਹਾਂ ਨੇ ਕੋਆਪਰੇਟਿਵ ਬੈਂਕਾਂ ਤੋਂ ਕਰਜ਼ਾ ਲਿਆ ਹੈ। ਮੁੱਖ ਮੰਤਰੀ ਖੁਦ ਪੰਜ ਜ਼ਿਲਿਆਂ ਦੇ 25 ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਜਾਰੀ ਕਰਨਗੇ। ਸਰਕਾਰ ਦੇ ਵਾਅਦੇ ਮੁਤਾਬਕ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਨੂੰ ਕਰਜ਼ੇ ਵਿਚ ਵੱਧ ਤੋਂ ਵੱਧ ਦੋ ਲੱਖ ਰੁਪਏ ਦੀ ਛੋਟ ਦਿੱਤੀ ਜਾਣੀ ਸੀ, ਭਾਵੇਂ ਉਨ੍ਹਾਂ ਦਾ ਕਰਜ਼ਾ ਕਿੰਨਾ ਵੀ ਹੋਵੇ। ਹੁਣ ਸਰਕਾਰ ਸਿਰਫ ਉਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਜਾ ਰਹੀ ਹੈ ਜਿਨ੍ਹਾਂ ਦੀ ਜ਼ਮੀਨ 2.5 ਏਕੜ ਤੋਂ ਘੱਟ ਹੈ ਅਤੇ ਜਿਨ੍ਹਾਂ ਦਾ ਕਰਜ਼ਾ 2 ਲੱਖ ਰੁਪਏ ਤਕ ਹੈ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮਾਨਸਾ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਨੀ ਬਾਘਾ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਜੇ ਸਰਕਾਰ ਨੇ ਜਾਰੀ ਸੂਚੀ ਵਿਚ ਸੁਧਾਰ ਨਾ ਕੀਤਾ ਤਾਂ 7 ਜਨਵਰੀ ਨੂੰ ਕਰਜ਼ਾਮੁਆਫੀ ਲਈ ਰੱਖੇ ਗਏ ਸੂਬਾ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਨੇ 22 ਤੋਂ 26 ਜਨਵਰੀ ਤਕ ਡੀ.ਸੀ. ਦਫਤਰਾਂ ਦੇ ਬਾਹਰ ਪੰਜ ਦਿਨਾਂ ਧਰਨਾ ਲਗਾਉਣ ਦਾ ਵੀ ਫੈਸਲਾ ਲਿਆ ਹੈ।
ਬਠਿੰਡਾ ਜ਼ਿਲੇ ਦੇ ਮਾਲ ਅਫਸਰ ਅਮਨਦੀਪ ਸਿੰਘ ਥਿੰਦ ਮੁਤਾਬਕ ਢਾਈ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਕੇਸ ਜਾਂਚ ਲਈ ਭੇਜੇ ਗਏ ਹਨ। ਦੋ ਤਿੰਨ ਦਿਨ ਤਕ ਇਨ੍ਹਾਂ ਦੀ ਸਹੀ ਗਿਣਤੀ ਸਾਹਮਣੇ ਆ ਜਾਵੇਗੀ। ਸਰਕਾਰ ਵਲੋਂ 7 ਜਨਵਰੀ ਨੂੰ ਮਾਨਸਾ ਜ਼ਿਲੇ ਵਿਚ ਸੂਬਾ ਪੱਧਰ ਸਮਾਗਮ ਕਰਕੇ ਕਰਜ਼ਾ ਮੁਆਫੀ ਦੀ ਸ਼ੁਰੂਆਤ ਕੀਤੀ ਜਾਵੇਗੀ।
7 ਕਨਾਲ ਕਿਸਾਨ ਵਾਲਾ ਕਿਸਾਨ ਵੀ ਸੂਚੀ 'ਚੋਂ ਬਾਹਰ
ਗੜ੍ਹਸ਼ੰਕਰ ਦੇ ਇਕ ਕਿਸਾਨ ਨੇ ਦੱਸਿਆ ਕਿ ਉਸ ਕੋਲ ਸਿਰਫ ਨੌ ਕਨਾਲ ਜ਼ਮੀਨ ਹੈ, ਫਿਰ ਵੀ ਕਰਜ਼ ਮੁਆਫੀ ਦੀ ਸੂਚਾ ਵਿਚ ਨਾਮ ਨਹੀਂ ਹੈ। ਇਸ ਤਰ੍ਹਾਂ ਬਠਿੰਡਾ ਦੇ ਪਿੰਡ ਗਿੱਦੜ ਦੇ ਬਾਬੂ ਸਿੰਘ ਢਾਈ ਏਕੜ ਅਤੇ ਪਿੰਡ ਪੂਹਲਾ ਦੇ ਬਲਬੀਰ ਸਿੰਘ ਮਹਿਜ਼ ਸਵਾ ਏਕੜ ਜ਼ਮੀਨ ਦਾ ਮਾਲਕ ਹੈ। ਇਨ੍ਹਾਂ ਦਾ ਕਰਜ਼ ਵੀ ਹਜ਼ਾਰਾਂ ਵਿਚ ਹੈ ਪਰ ਉਨ੍ਹਾਂ ਦਾ ਨਾਮ ਸੂਚੀ ਵਿਚ ਨਹੀਂ ਹੈ। ਜਦਕਿ ਵਧੇਰੇ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਨਾਮ ਸੂਚੀ ਵਿਚ ਸ਼ਾਮਲ ਹਨ।
ਸੂਚੀ ਵਿਚ ਕਾਂਗਰਸ ਆਗੂਆਂ ਦੇ ਚਹੇਤਿਆਂ ਦੇ ਨਾਮ : ਕਿਸਾਨ ਯੂਨੀਅਨ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਗਾਇਆ ਹੈ ਕਿ ਪਹਿਲੀ ਸੂਚੀ ਵਿਚ ਕਿਸਾਨਾਂ ਦੇ ਨਾਲ ਭੇਦਭਾਵ ਕੀਤਾ ਗਿਆ ਹੈ। ਇਸ ਸੂਚੀ ਵਿਚ ਕਾਂਗਰਸੀ ਆਗੂਆਂ ਨੇ ਆਪਣੇ ਚਹੇਤਿਆਂ ਦੇ ਨਾਮ ਸ਼ਾਮਲ ਕੀਤਾ ਹੇ। ਸਭ ਤੋਂ ਪਹਿਲਾਂ ਢਾਈ ਏਕੜ ਜ਼ਮੀਨ ਤਕ ਦੇ ਕਿਸਾਨਾਂ ਦੀ ਕਰਜ਼ ਮੁਆਫੀ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ ਪਰ ਅਜਿਹਾ ਨਹੀਂ ਹੋਇਆ।
