ਮੋਰਚੇ ਤੋਂ ਵਾਪਸ ਆਉਂਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
Monday, Mar 18, 2024 - 05:24 PM (IST)
ਗੁਰੂ ਕਾ ਬਾਗ (ਭੱਟੀ) : ਸ਼ੰਭੂ ਬਾਰਡਰ ’ਤੇ ਲੱਗੇ ਕਿਸਾਨੀ ਮੋਰਚੇ ਵਿਚੋਂ ਵਾਪਸ ਆ ਰਹੇ ਪਿੰਡ ਤੇੜਾ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਬਜ਼ੁਰਗ ਕਿਸਾਨ ਆਗੂ ਬਲਕਾਰ ਸਿੰਘ ਪੁੱਤਰ ਕੁੰਨਣ ਸਿੰਘ ਦੀ ਰਾਜਪੁਰਾ ਦੇ ਰੇਲਵੇ ਸਟੇਸ਼ਨ ’ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਆਗੂ ਦੇ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਕਿਸਾਨ ਮਜਦੂਰ ਮੋਰਚਾ ਪੰਜਾਬ ਜਥੇਬੰਦੀ ਦਾ ਸਰਗਰਮ ਮੈਂਬਰ ਹੈ ਤੇ ਪਿਛਲੇ ਇਕ ਮਹੀਨੇ ਤੋਂ ਉਹ ਸ਼ੰਭੂ ਬਾਰਡਰ ’ਤੇ ਕਿਸਾਨ ਮੋਰਚੇ ਵਿਚ ਡਟਿਆ ਹੋਇਆ ਸੀ ਜਦਕਿ ਕੱਲ੍ਹ ਜਦੋਂ ਉਹ ਪਿੰਡ ਵਾਪਸ ਆਉਣ ਲੱਗਾ ਤਾਂ ਰਾਜਪੁਰਾ ਦੇ ਰੇਲਵੇ ਸਟੇਸ਼ਨ ’ਤੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ।
ਉਸ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਚਨਾ ਦਿੱਤੀ ਗਈ ਸੀ ਤੇ ਉਹ ਆਪਣੇ ਪਿਤਾ ਦੀ ਲਾਸ਼ ਨੂੰ ਲੈਣ ਲਈ ਅੱਜ ਰਾਜਪੁਰਾ ਲਈ ਜਾ ਰਹੇ ਹਨ ਅਤੇ ਕੱਲ ਨੂੰ ਉਨ੍ਹਾਂ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਉਧਰ ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਬਲਬੀਰ ਮੂਧਲ, ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਚਾਰ ਸਕੱਤਰ ਕਾਮਰੇਡ ਨਰਿੰਦਰ ਤੇੜਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਮੰਗਲ ਸਿੰਘ ਧਰਮਕੋਟ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਮਾਲੀ ਸਹਾਇਤਾ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।