ਕਿਸਾਨਾਂ ’ਤੇ ਭਾਰੀ ਪਿਆ ਕੋਰੋਨਾ, ਨਰਮੇ ਦੀ ਫਸਲ ਘਰਾਂ ’ਚ ਰੱਖ ਕਸੂਤੀ ਸਥਿਤੀ ’ਚ ਫਸੇ

Tuesday, Mar 31, 2020 - 04:09 PM (IST)

ਕਿਸਾਨਾਂ ’ਤੇ ਭਾਰੀ ਪਿਆ ਕੋਰੋਨਾ, ਨਰਮੇ ਦੀ ਫਸਲ ਘਰਾਂ ’ਚ ਰੱਖ ਕਸੂਤੀ ਸਥਿਤੀ ’ਚ ਫਸੇ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਨਰਮਾ ਪੱਟੀ ਵਾਲੇ ਖੇਤਰ ਵਿਚ ਅਜੇ ਵੀ ਕਈ ਕਿਸਾਨ ਨਰਮਾ ਆਪਣੇ ਘਰਾਂ ’ਚ ਰੱਖੀ ਬੈਠੇ ਹਨ, ਜਿਸ ਕਾਰਨ ਉਹ ਕਸੂਤੀ ਸਥਿਤੀ ਵਿਚ ਫਸ ਗਏ। ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਨੇ ਕਰਫ਼ਿਊ ਲਗਾਇਆ ਹੋਇਆ ਹੈ, ਜਿਸ ਨਾਲ ਮੰਡੀਆਂ ਬੰਦ ਹੋਣ ਕਰਕੇ ਕਿਸਾਨਾਂ ਦਾ ਨਰਮਾ ਕਿਧਰੇ ਵੀ ਨਹੀਂ ਵਿਕ ਰਿਹਾ। ਨਰਮੇ ਦੇ ਸੀਜ਼ਨ ਦੌਰਾਨ ਨਰਮੇ ਦਾ ਭਾਅ ਪ੍ਰਤੀ ਕੁਇੰਟਲ 5000-5400 ਰੁਪਏ ਦੇ ਕਰੀਬ ਰਿਹਾ ਸੀ। ਕੁਝ ਕਿਸਾਨਾਂ ਨੇ ਤਾਂ ਨਰਮਾ ਇਸ ਕਰਕੇ ਘਰਾਂ ’ਚ ਰੱਖ ਲਿਆ ਸੀ ਕਿ ਜਦੋਂ ਸਰਕਾਰ ਨਰਮੇ ਦੇ ਭਾਅ ਵਿਚ ਵਾਧਾ ਕਰੇਗੀ ਤਾਂ ਉਦੋਂ ਨਰਮਾ ਵੇਚਾਂਗੇ ਅਤੇ ਵੱਧ ਮੁਨਾਫ਼ਾ ਕਮਾਵਾਂਗੇ ਪਰ ਕਈ ਕਿਸਾਨ ਕੁਝ ਹੋਰ ਕਾਰਨਾਂ ਕਰਕੇ ਨਰਮਾ ਨਹੀਂ ਵੇਚ ਸਕੇ। ‘ਜਗ ਬਾਣੀ’ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਈ ਕਿਸਾਨਾਂ ਦੇ ਘਰਾਂ ਵਿਚ ਨਰਮਾ ਪਿਆ ਹੈ। ਕਈਆਂ ਦੇ ਘਰਾਂ ਵਿਚ ਨਰਮੇ ਦੀਆਂ ਟਰਾਲੀਆਂ ਭਰੀਆਂ ਖੜ੍ਹੀਆਂ ਹਨ।

ਰਾਤ ਨੂੰ ਨਰਮਾ ਟਰਾਲੀਆਂ ਵਿਚ ਪਾਇਆ ਪਰ ਸਵੇਰ ਨੂੰ ਸਰਕਾਰੀ ਫਰਮਾਨ ਆ ਗਿਆ ਕਿ ਜਨਤਾ ਕਰਫਿਊ ਲੱਗ ਗਿਆ ਹੈ। ਉਸ ਤੋਂ ਬਾਅਦ ਲਾਕ ਡਾਊਨ ਕਰ ਦਿੱਤਾ ਗਿਆ ਤੇ ਫਿਰ ਕਰਫਿਊ ਲੱਗਾ ਦਿੱਤਾ, ਜੋ ਹੁਣ 14 ਅਪ੍ਰੈਲ ਤੱਕ ਜਾਰੀ ਹੈ। 14 ਦਿਨ ਤੋਂ ਬਾਅਦ ਇਸ ਦੇ ਬਾਰੇ ਕੀ ਨਵਾਂ ਸਰਕਾਰੀ ਫਰਮਾਨ ਜਾਰੀ ਹੋਵੇਗਾ ਦੇ ਬਾਰੇ ਕੁਝ ਨਹੀਂ ਪਤਾ। ਇਸ ਦੌਰਾਨ ਜੇਕਰ ਮੰਡੀਆਂ ਨਾ ਖੁੱਲੀਆਂ ਤਾਂ ਕਿਸਾਨ ਤੰਗ ਪ੍ਰੇਸ਼ਾਨ ਅਤੇ ਔਖੇ ਹੋ ਜਾਣਗੇ। ਇਸੇ ਕਰਕੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਕਿਸਾਨਾਂ ਦੀ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਨਰਮਾ ਵੇਚ ਕੇ ਕਿਸਾਨਾਂ ਨੇ ਬਹੁਤ ਸਾਰੀਆਂ ਲੋੜ੍ਹਾਂ ਪੂਰੀਆਂ ਕਰਨੀਆਂ ਹਨ। ਦੱਸ ਦੇਈਏ ਕਿ ਕਿਸਾਨ ਤਾਂ ਪਹਿਲਾਂ ਹੀ ਮਾੜੇ ਆਰਥਿਕ ਦੌਰ ’ਚੋਂ ਗੁਜ਼ਰ ਰਹੇ ਹਨ।

ਕੀ ਕਹਿਣਾ ਹੈ ਕਿਸਾਨਾਂ ਦਾ
ਪਿੰਡ ਰਾਮਗੜ੍ਹ ਚੂੰਘਾਂ ਦੇ ਕਈ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀ ਮੁਸ਼ਕਲ ਨੂੰ ਵੇਖਦਿਆਂ ਸਰਕਾਰ ਹਫ਼ਤੇ ਵਿਚ ਇਕ ਦੋ ਦਿਨ ਮੰਡੀਆਂ ਖੋਲਣ ਦਾ ਪ੍ਰਬੰਧ ਕਰੇ ਤਾਂ ਕਿ ਕਿਸਾਨ ਘਰਾਂ ਵਿਚ ਰੱਖਿਆ ਪਿਆ ਨਰਮਾ ਵੇਚ ਸਕਣ।

ਸਬਜ਼ੀਆਂ ਲਾਉਣ ਵਾਲੇ ਕਈ ਵਿਅਕਤੀ ਹਨ ਪ੍ਰੇਸ਼ਾਨ 
ਦੂਜੇ ਪਾਸੇ ਕਰਫਿਊ ਦੇ ਦਿਨਾਂ ਵਿਚ ਕਈ ਉਹ ਵਿਅਕਤੀ ਵੀ ਤੰਗ-ਪ੍ਰੇਸ਼ਾਨ ਹਨ, ਜਿੰਨਾਂ ਨੇ ਜ਼ਿਆਦਾ ਸਬਜ਼ੀਆਂ ਖੇਤਾਂ ਵਿਚ ਲਾਈਆਂ ਹੋਈਆਂ ਸਨ। ਹਰੇ ਮਟਰ, ਫੁੱਲ ਗੋਭੀ ਤੇ ਬੰਦ ਗੋਭੀ ਆਦਿ ਪਰ ਕਰਫਿਊ ਦੇ ਕਾਰਨ ਇਕੋ ਸਮੇਂ ਸਬਜ਼ੀਆਂ ਦੀ ਤੂੜਵਾਈ ਨਹੀ ਹੋ ਰਹੀ ਤੇ ਨਾ ਹੀ ਸਾਰੀ ਸਬਜ਼ੀ ਨੂੰ ਮੰਡੀ ਵਿਚ ਪਹੁੰਚਾਇਆ ਜਾ ਸਕਦਾ ਹੈ। ਕਿਉਂਕਿ ਸਬਜ਼ੀ ਮੰਡੀ ਵੀ ਕਦੇ-ਕਦੇ ਖੁੱਲਦੀ ਹੈ। ਜਿਸ ਕਰਕੇ ਸਬਜ਼ੀਆਂ ਖਰਾਬ ਹੋਣ ਲੱਗ ਪਈਆਂ ਹਨ। ਵੱਡੀ ਗੱਲ ਇਹ ਹੈ ਕਿ ਸਬਜ਼ੀਆਂ ਬੀਜਣ ਵਾਲੇ ਜ਼ਿਆਦਾ ਲੋਕ ਗਰੀਬ ਹਨ ਅਤੇ ਉਨ੍ਹਾਂ ਨੇ ਮਹਿੰਗੇ ਭਾਅ ਜ਼ਮੀਨਾਂ ਠੇਕੇ ’ਤੇ ਲੈ ਕੇ ਸਬਜ਼ੀਆਂ ਬੀਜੀਆਂ ਹਨ।  


author

rajwinder kaur

Content Editor

Related News