ਕਿਸਾਨਾਂ ਨੂੰ ਖੁਸ਼ਹਾਲ ਕਰਨ ਲਈ ਫ਼ਸਲੀ ਵਿਭਿੰਨਤਾ ਅਤਿ ਜ਼ਰੂਰੀ ਤੇ ਅਹਿਮ : ਅਨਿਰੁਧ ਤਿਵਾੜੀ
Friday, Dec 10, 2021 - 02:31 PM (IST)
ਚੰਡੀਗੜ੍ਹ : ਫਸਲੀ ਵਿਭਿੰਨਤਾ ਅਜੋਕੇ ਸਮੇਂ ਵਿਚ ਪੇਂਡੂ ਖੁਸ਼ਹਾਲੀ ਵਿਸ਼ੇਸ਼ ਤੌਰ ’ਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਦੀ ਹੈ ਅਤੇ ਪੰਜਾਬ ਵਰਗੇ ਸਾਰੇ ਖੇਤੀ ਪ੍ਰਧਾਨ ਸੂਬਿਆਂ ਲਈ ਲਾਹੇਵੰਦ ਸਾਬਤ ਸਕਦੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ, ਅਨਿਰੁਧ ਤਿਵਾੜੀ ਨੇ ਵੀਰਵਾਰ ਨੂੰ ਇੰਡੀਅਨ ਸਕੂਲ ਆਫ ਬਿਜਨਸ, ਮੋਹਾਲੀ ਵਿਖੇ ‘‘ਫਸਲੀ ਵਿਭਿੰਨਤਾ’’ ਵਿਸ਼ੇ ’ਤੇ ਕੌਮੀ ਥੀਮੈਟਿਕ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਹ ਸਮਾਗਮ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੀ ਅਗਵਾਈ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਰਵਾਇਆ ਗਿਆ। ਉਦਘਾਟਨੀ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਸਕੱਤਰ ਨੇ ਨਾ ਕੇਵਲ ਪੰਜਾਬ ਲਈ ਸਗੋਂ ਪੂਰੇ ਦੇਸ਼ ਲਈ ਫਸਲੀ ਵਿਭਿੰਨਤਾ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਫਸਲੀ ਵਿਭਿੰਨਤਾ ਯੋਜਨਾ ਲਈ ਨੀਤੀ ਘੜਨ ਵਿਚ ਭਾਈਵਾਲਾਂ ਦੀ ਭੂਮਿਕਾ ਨੂੰ ਪ੍ਰਮੁੱਖ ਏਜੰਡੇ ’ਤੇ ਰੱਖਿਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਫਸਲੀ ਵਿਭਿੰਨਤਾ ਦਾ ਮੁੱਖ ਉਦੇਸ਼ ਖੇਤੀ ਨੂੰ ਵਧੇਰੇ ਲਾਹੇਵੰਦ ਕਿੱਤਾ ਬਣਾਉਣਾ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਹੁਲਾਰਾ ਦੇਣਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਫਸਲੀ ਵਿਭਿੰਨਤਾ ਨੂੰ ਅਸਲ ਅਰਥਾਂ ਵਿਚ ਅਮਲ ’ਚ ਲਿਆਉਣ ਲਈ ਉਨੇਂ ਹੀ ਯਤਨ ਲੋੜੀਂਦੇ ਜਿੰਨੇ ਹਰੀ ਕ੍ਰਾਂਤੀ ਦੇ ਸਮੇਂ ਕੀਤੇ ਗਏ ਸਨ। ਤਿਵਾੜੀ ਨੇ ਸਾਰੇ ਭਾਈਵਾਲਾਂ ਨੂੰ ਫਸਲੀ ਵਿਭਿੰਨਤਾ ਲਿਆਉਣ ਸਬੰਧੀ ਕਿਉਂ? ਕੀ ਅਤੇ ਕਿਵੇਂ ਬਾਰੇ ਇਕ ਖੁੱਲ੍ਹਾ ਸਵਾਲ ਕੀਤਾ ਅਤੇ ਜ਼ੋਰ ਦਿੱਤਾ ਕਿ ਸੈਸ਼ਨਾਂ ਵਿਚ ਇਨ੍ਹਾਂ ਸਵਾਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮਾਗਮ ਵਿਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਖੇਤੀਬਾੜੀ ਵਿਭਾਗ ਦੇ ਵਿੱਤ ਕਮਿਸ਼ਨਰ, ਡੀ.ਕੇ. ਤਿਵਾੜੀ ਨੇ ਕੁਦਰਤੀ ਸਰੋਤਾਂ ’ਤੇ ਨਿਰਭਰਤਾ ਕਾਰਨ ਖੇਤੀ ਦੀ ਅਨਿਸ਼ਚਿਤਤਾ ਦੇ ਸਬੰਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਹਰ ਸਾਲ ਹੋਣ ਵਾਲੀ ਭੋਜਨ ਪਦਾਰਥਾਂ ਦੀ ਬਰਬਾਦੀ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ ਟਿਕਾਊ, ਵਿਵਹਾਰਕ ਖੇਤੀ ਦੇ ਖੇਤਰ ਵਿਚ ਤਰੱਕੀ ਲਈ ਨਿਰੋਲ ਉਪਰਾਲੇ ਕਰਨ ‘ਤੇ ਜ਼ੋਰ ਦਿੱਤਾ।
ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਰਿਤੇਸ਼ ਚੌਹਾਨ ਨੇ ਰਾਸ਼ਟਰੀ ਪੱਧਰ ਦੀ ਨੀਤੀ ਬਣਾਉਣ ਵਿਚ ਸੂਬਿਆਂ ਨੂੰ ਸ਼ਾਮਲ ਕਰਨ ਸਬੰਧੀ ਸੰਕੇਤ ਦਿੱਤਾ ਕਿ ਸਾਰੇ ਭਾਈਵਾਲਾਂ ਨੂੰ ਬੌਟਮ ਅੱਪ ਪਹੁੰਚ ਅਪਣਾ ਕੇ ਇਕ ਮੰਚ ਵਿਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਫਸਲੀ ਵਿਭਿੰਨਤਾ ਯੋਜਨਾ ਬਣਾਉਣ ਵਿਚ ਰਾਜਾਂ ਦੀ ਜ਼ੋਰਦਾਰ ਭਾਗੀਦਾਰੀ ਦਾ ਵੀ ਸੱਦਾ ਦਿੱਤਾ। ਨੀਤੀ ਆਯੋਗ ਦੀ ਸੀਨੀਅਰ ਸਲਾਹਕਾਰ (ਖੇਤੀਬਾੜੀ) ਡਾ. ਨੀਲਮ ਪਟੇਲ ਨੇ ਵੱਖ-ਵੱਖ ਖੇਤਰਾਂ ਵਿੱਚ ਭਾਰਤ ਸਰਕਾਰ ਦੁਆਰਾ ਪਛਾਣੇ ਗਏ ਛੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ। ਜਿਨਾਂ ਵਿਚ ਤੇਲ ਬੀਜ ਅਤੇ ਦਾਲਾਂ, ਜਲ ਸੁਰੱਖਿਆ, ਸਿਹਤ, ਸ਼ਹਿਰੀ ਸਾਸ਼ਨ, ਨਿਰਯਾਤ ਸ਼ਾਮਲ ਹਨ, ਨੂੰ ਉਤਸ਼ਾਹਿਤ ਕਰਨ ਦੇ ਨਾਲ ਫਸਲੀ ਵਿਭਿੰਨਤਾ ਅਤੇ ਸਵੈ-ਨਿਰਭਰਤਤਾ ਲਿਆਉਣਾ ਮੁੱਖ ਟੀਚਾ ਹੈ । ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਜੈ ਵੀਰ ਜਾਖੜ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਫਸਲੀ ਵਿਭਿੰਨਤਾ ਸਿਰਫ ਇਕ ਵਿਚਾਰ ਹੀ ਨਹੀਂ, ਸਗੋਂ ਹਾਲੇ ਤੱਕ ਇਕ ਅਧੂਰਾ ਸੁਫ਼ਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨੀ ਕਰਜ਼ੇ, ਪਾਣੀ ਦਾ ਡਿੱਗਦਾ ਪੱਧਰ, ਜੈਵੀ ਵਿਭਿੰਨਤਾ ਦੇ ਨੁਕਸਾਨ ਆਦਿ ਵਰਗੀਆਂ ਸਮੱਸਿਆਵਾਂ ਨੂੰ ਫਸਲੀ ਵਿਭਿੰਨਤਾ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ ਕਿਉਂਕਿ ਫਸਲੀ ਵਿਭਿੰਨਤਾ ਨਾਲ ਵੱਡੀ ਗਿਣਤੀ ਵਿੱਚ ਮਾਨਵੀ ਦਿਹਾੜੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ ਉਹ ਫਸਲੀ ਵਿਭਿੰਨਤਾ ਪ੍ਰੋਗਰਾਮ ਰਾਹੀਂ ਭਾਰਤ ਦੀ ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਲਈ ਟਰਾਂਸਮਿਸ਼ਨ ਕਮਿਸ਼ਨ ਦੀ ਸਥਾਪਨਾ ਸਬੰਧੀ ਪੰਜਾਬ ਰਾਜ ਦਾ ਪੂਰਾ ਸਮਰਥਨ ਕਰੇ।