ਕਿਸਾਨਾਂ ਦੇ ਸੰਵਿਧਾਨਕ ਹੱਕ ਖੋਹਣਾ ਲੋਕਰਾਜ ਲਈ ਸਭ ਤੋਂ ਵੱਡੀ ਖਤਰੇ ਘੰਟੀ : ਚੰਦੂਮਾਜਰਾ
Friday, Nov 27, 2020 - 05:47 PM (IST)
ਪਟਿਆਲਾ (ਬਲਜਿੰਦਰ) : ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੰਵਿਧਾਨ ਦਿਵਸ 'ਤੇ ਕਿਸਾਨਾਂ ਦੇ ਸੰਵਿਧਾਨਕ ਹੱਕ ਖੋਹਣਾ ਲੋਕਰਾਜ ਲਈ ਸਭ ਤੋਂ ਵੱਡੀ ਖਤਰੇ ਦੀ ਘੰਟੀ ਹੈ। ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਸ ਵੱਲੋਂ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਵਾਛੜਾਂ ਅਤੇ ਲਾਠੀਚਾਰਜ ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਦਬਾ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਨੂੰਨਾਂ ਤੋਂ ਪਿਛਾਂਹ ਨਾ ਹਟਣ ਵਾਲਾ ਅੜੀਅਲ ਵਤੀਰਾ ਕਿਸਾਨਾਂ ਦੇ ਦਿਲਾਂ 'ਚ ਬੇਗਾਨੇਪਣ ਦੀ ਭਾਵਨਾ ਪੈਦਾ ਕਰੇਗਾ, ਉਥੇ ਕਿਸਾਨਾਂ ਨੂੰ ਤਾਕਤ ਨਾਲ ਰੋਕਣਾ ਹਰਿਆਣਾ ਸਰਕਾਰ ਦੀ ਪੰਜਾਬੀਆਂ ਨੂੰ ਵੰਗਾਰ ਹੈ।
ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀਆਂ ਨੂੰ ਕਦੇ ਵੀ ਤਾਕਤ ਨਹੀਂ ਦਬਾਇਆ ਜਾ ਸਕਿਆ। ਜਦੋਂ ਕਿ ਅਹਿਮਦਸ਼ਾਹ ਅਬਦਾਲੀ ਵਰਗਿਆਂ ਤੋਂ ਪੰਜਾਬੀ ਨਹੀਂ ਡਰੇ ਤਾਂ ਫਿਰ ਹਰਿਆਣਾ ਅਤੇ ਕੇਂਦਰ ਸਰਕਾਰ ਕੀ ਚੀਜ਼ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦਾ ਰਾਹ ਰੋਕ ਕੀਤੀ ਗਈ ਘਿਨੌਣੀ ਕਾਰਵਾਈ ਦੋਨਾਂ ਸੂਬਿਆਂ 'ਚ ਆਪਸੀ ਟਕਰਾਅ ਪੈਦਾ ਕਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਦੇ ਲੋਕਾਂ ਨਾਲ ਟਕਰਾਉਣ ਵਾਲਾ ਕੇਂਦਰ ਦਾ ਇਹ ਵਰਤਾਉ ਮੋਦੀ ਸਰਕਾਰ ਲਈ ਘਾਤਕ ਸਿੱਧ ਹੋਵੇਗਾ।
ਪ੍ਰੋ. ਚੰਦੂਮਾਜਰਾ ਨੇ ਸਮੁੱਚੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਕਿਸਾਨ ਸੰਘਰਸ਼ 'ਚ ਵੱਧ ਚੜ ਕੇ ਹਿੱਸਾ ਲੈਣ ਅਤੇ ਕਿਸਾਨਾਂ ਦੇ ਬੁਨਿਆਦੀ ਹੱਕਾਂ ਲਈ ਲੜਾਈ ਲੜਨ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਆਪਣੀ ਜਿੱਦ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਕੋਈ ਸੁਖਾਵਾਂ ਰਾਹ ਕੱਢਿਆ ਜਾਵੇ।