ਕਰਜ਼ਾ ਮੁਆਫ਼ੀ ਬਾਰੇ ਖੇਤ ਮਜ਼ਦੂਰਾਂ ਨੇ ਕੱਢਿਆ ਰੋਸ ਮਾਰਚ

Saturday, Jan 06, 2018 - 10:44 AM (IST)


ਸ੍ਰੀ ਮੁਕਤਸਰ ਸਾਹਿਬ (ਪਵਨ) - ਪੰਜਾਬ ਸਰਕਾਰ ਵੱਲੋਂ ਬੇਸ਼ੱਕ ਆਪਣੇ ਚੋਣ ਮਨੋਰਥ ਪੱਤਰ 'ਚ ਕੀਤੇ ਕਿਸਾਨੀ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਪਰ ਇਸ ਕਰਜ਼ਾ ਮੁਆਫੀ ਦੇ ਐਲਾਨ ਤੋਂ ਮਜ਼ਦੂਰ ਵਰਗ ਨੂੰ ਦੂਰ ਰੱਖਿਆ ਗਿਆ ਹੈ, ਜਿਸ ਕਾਰਨ ਮਜ਼ਦੂਰਾਂ ਨੇ ਵੀ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ ਹੈ। ਉਨ੍ਹਾਂ 'ਚ ਸਰਕਾਰ ਦੇ ਇਸ ਫੈਸਲੇ ਪ੍ਰਤੀ ਰੋਸ ਦਿਨ ਪ੍ਰਤੀ ਦਿਨ ਵਧਦਾ ਨਜ਼ਰ ਆ ਰਿਹਾ ਹੈ। ਇਸੇ ਤਹਿਤ ਅੱਜ ਪਿੰਡ ਭੁੱਟੀਵਾਲਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਆਗੂ ਬਾਜ ਸਿੰਘ ਦੀ ਅਗਵਾਈ 'ਚ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ 'ਚ ਪੰਜਾਬ ਸਰਕਾਰ ਖਿਲਾਫ ਮਜ਼ਦੂਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। 
ਇਸ ਸਮੇਂ ਯੂਨੀਅਨ ਦੇ ਆਗੂ ਬਾਜ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨ ਅਤੇ ਮਜ਼ਦੂਰ ਕਰਜ਼ਾ ਮੁਆਫੀ ਦੀ ਮੰਗ ਸਰਕਾਰ ਤੋਂ ਕਰਦੇ ਆ ਰਹੇ ਹਨ ਤਾਂ ਜੋ ਇਸ ਕਰਜ਼ੇ ਦੇ ਬੋਝ ਨਾਲ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜੋ ਸਸਤਾ ਕਰਜ਼ਾ ਸਿਆਸਤਦਾਨਾਂ ਨੂੰ ਬਹੁਤ ਘੱਟ ਵਿਆਜ 'ਤੇ ਦਿੱਤਾ ਜਾਂਦਾ ਹੈ ਉਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਿੱਤਾ ਜਾਵੇ ਪਰ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫੀ ਦਾ ਲਾਭ ਦੇਣਾ ਸ਼ੁਰੂ ਕਰ ਦਿੱਤਾ ਪਰ ਇਸ ਕਰਜ਼ਾ ਮੁਆਫੀ ਤੋਂ ਮਜ਼ਦੂਰ ਵਰਗ ਨੂੰ ਬਿਲਕੁਲ ਦੂਰ ਰੱਖਿਆ ਗਿਆ ਹੈ, ਜੋ ਕਿ ਮਜ਼ਦੂਰਾਂ ਨਾਲ ਸਰਕਾਰ ਦੀ ਵਾਅਦਾ ਖਿਲਾਫੀ ਹੈ। ਮਜ਼ਦੂਰਾਂ ਵੱਲੋਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। 
ਇਸ ਦੌਰਾਨ ਦਰਸ਼ਨ ਸਿੰਘ, ਕਰਮ ਸਿੰਘ, ਮੰਦਰ ਸਿੰਘ, ਬੋਹੜ ਸਿੰਘ, ਛੋਟਾ ਸਿੰਘ, ਸੁਖਪ੍ਰੀਤ ਕੌਰ ਆਦਿ ਸਮੇਤ ਸੈਂਕੜੇ ਮਜ਼ਦੂਰਾਂ ਨੇ ਇਸ ਰੋਸ ਮਾਰਚ 'ਚ ਹਿੱਸਾ ਲਿਆ।


Related News