ਵੱਡੀ ਵਾਰਦਾਤ: ਫਰੀਦਕੋਟ 'ਚ 3 ਦਿਨਾਂ ਅੰਦਰ ਦੂਜਾ ਕਤਲ

05/10/2020 12:50:36 PM

ਕੋਟਕਪੂਰਾ (ਨਰਿੰਦਰ ਬੈੜ੍ਹ): ਫਰੀਦਕੋਟ 'ਚ ਲਾਕਡਾਊਨ ਦੇ ਚੱਲਦੇ 3 ਦਿਨਾਂ ਅੰਦਰ ਦੂਜਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਜੈਤੋ ਰੋਡ 'ਤੇ ਸਥਿਤ ਕੋਠੇ ਨਾਨਕਸਰ ਵਿਖੇ ਘਰੇਲੂ ਜ਼ਮੀਨ ਦੇ ਵਿਵਾਦ ਦੇ ਚਲਦੇ ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਾਇਬ ਸਿੰਘ (55) ਪੁੱਤਰ ਕਰਨੈਲ ਸਿੰਘ ਦੇ ਰੂਪ ਵਿਚ ਹੋਈ ਹੈ। ਇਸ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਮ੍ਰਿਤਕ ਦੇ ਬੇਟੇ ਗਿਆਨਜੀਤ ਸਿੰਘ ਦੇ ਬਿਆਨਾਂ 'ਤੇ ਉਸਦੇ ਤਾਏ ਦੇ ਦੋ ਬੇਟਿਆਂ ਰਮਨਦੀਪ ਸਿੰਘ, ਬੱਬੂ ਸਿੰਘ ਸਮੇਤ ਪਿੰਡ ਦੇ ਸਰਪੰਚਗੁਰਸੇਵਕ ਸਿੰਘ ਨੀਲਾ ਤੇ ਇਕ ਹੋਰ ਅਮਰਜੀਤ ਸਿੰਘ ਵਿਰੁੱਧ ਹੱਤਿਆ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ ਵਿੱਚ ਗਿਆਨਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਰਿਵਾਰ ਦਾ ਉਸਦੇ ਤਾਏ ਦੇ ਬੇਟੇ ਰਮਨਦੀਪ ਸਿੰਘ ਤੇ ਬੱਬੂ ਸਿੰਘ ਨਾਲ ਜਮੀਨ ਦਾ ਝਗੜਾ ਚੱਲ ਰਿਹਾ ਹੈ। ਇਸ ਵਿਵਾਦ ਦੇ ਚਲਦੇ ਉਨ੍ਹਾਂ ਦਾ ਪਿਛਲੇ ਸਾਲ ਵੀ ਲੜਾਈ ਝਗੜਾ ਹੋਇਆ ਸੀ, ਜਿਸਦੇ ਸਬੰਧ ਵਿੱਚ ਉਸਦੇ ਪਿਤਾ ਨਾਇਬ ਸਿੰਘ ਦੇ ਬਿਆਨਾਂ 0ਤੇ 7 ਸਤੰਬਰ, 2019 ਨੂੰ ਥਾਣਾ ਸਿਟੀ ਪੁਲਿਸ ਕੋਟਕਪੂਰਾ ਵਿਖੇ ਰਮਨਦੀਪ ਸਿੰਘ ਵਗੈਰਾ ਤੇ ਅਪਰਾਧਿਕ ਮਾਮਲਾ ਵੀ ਦਰਜ ਹੋਇਆ ਸੀ, ਜਿਸ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ।

ਇਹ ਵੀ ਪੜ੍ਹੋ:  ਨਸ਼ਾ ਛੱਡਣ ਤੋਂ ਬਾਅਦ ਡਾਂਸਰ ਦਾ ਵੱਡਾ ਖੁਲਾਸਾ, ਸਹੇਲੀ ਨੇ ਨਸ਼ੇ ਲਈ 5000 'ਚ ਵੇਚਿਆ ਬੱਚੀ ਨੂੰ

ਸ਼ਨੀਵਾਰ ਸ਼ਾਮ ਕਰੀਬ 6 ਵਜੇ ਉਸਦਾ ਪਰਿਵਾਰ ਘਰੇ ਹੀ ਸੀ ਅਤੇ ਉਸਦਾ ਪਿਤਾ ਘਰ ਦੇ ਬਾਹਰ ਗਲੀ ਵਿੱਚ ਰੇਹੜੀ ਤੇ ਸਬਜ਼ੀ ਖਰੀਦ ਰਿਹਾ ਸੀ। ਇਸ ਦੌਰਾਨ ਰੌਲਾ ਸੁਣਾਈ ਦੇਣ 'ਤੇ ਜਦ ਉਹ ਗਲੀ 'ਚ ਗਿਆ ਤਾਂ ਅਮਰਜੀਤ ਸਿੰਘ, ਬੱਬੂ ਤੇ ਗਰੁਜੀਤ ਸਿੰਘ ਉਸਦੇ ਪਿਤਾ ਨਾਇਬ ਸਿੰਘ ਨਾਲ ਝਗੜਾ ਕਰ ਰਹੇ ਸੀ ਅਤੇ
ਉੱਥੇ ਸਰਪੰਚ ਗੁਰਸੇਵਕ ਸਿੰਘ ਵੀ ਖੜ੍ਹਾ ਸੀ। ਇਸ ਦੌਰਾਨ ਉਨ੍ਹਾਂ ਨੇ ਉਸਦੇ ਪਿਤਾ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਸਰੀਰ 'ਤੇ ਲੱਗੀ ਸੱਟ ਕਾਰਨ ਉਸਦਾ ਪਿਤਾ ਜ਼ਮੀਨ 'ਤੇ ਡਿੱਗ ਪਿਆ। ਇਸ ਦੌਰਾਨ ਇਹ ਵਿਅਕਤੀ ਉਸ (ਗਿਆਨਜੀਤ ਸਿੰਘ) 'ਤੇ ਵੀ ਹਮਲਾ ਕਰਨ ਲਈ ਭੱਜੇ ਪਰ ਉਸਨੇ ਗੁਆਂਢੀਆਂ ਦੇ ਘਰ ਵੜ ਕੇ ਜਾਨ ਬਚਾਈ। ਗੰਭੀਰ ਹਾਲਤ 'ਚ ਨਾਇਬ ਸਿੰਘ ਨੂੰ ਤੁਰੰਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਸਿਟੀ ਦੇ ਐੱਸ.ਐੱਚ.ਓ. ਐਸ.ਆਈ. ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਰਮਨਦੀਪ ਸਿੰਘ, ਬੱਬੂ ਸਿੰਘ, ਗੁਰਜੀਤ ਸਿੰਘ ਤੇ ਸਰਪੰਚ ਗੁਰਸੇਵਕ ਸਿੰਘ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।


Shyna

Content Editor

Related News