ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ 12 ਤੋਂ ਲਾਵੇਗੀ ਪਟਿਆਲਾ ’ਚ ਪੱਕਾ ਮੋਰਚਾ
Friday, Mar 08, 2019 - 03:53 AM (IST)
ਫਰੀਦਕੋਟ (ਪਵਨ, ਖੁਰਾਣਾ)-ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕੋਟਕਪੂਰਾ ਰੋਡ ’ਤੇ ਪੈਂਦੇ ਵਾਟਰ ਵਰਕਸ ਕੰਪਲੈਕਸ ਵਿਚ ਹੋਈ। ਮੀਟਿੰਗ ’ਚ ਸਭ ਤੋਂ ਪਹਿਲਾਂ ਯੂਨੀਅਨ ਦੇ ਮੈਂਬਰ ਰੌਸ਼ਨ ਲਾਲ ਕਪੂਰ ਦੀ ਬੀਤੇ ਦਿਨੀਂ ਹੋਈ ਮੌਤ ਅਤੇ ਪੁਲਵਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਨੂੰ 2 ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਇਲਾਵਾ ਕੁਝ ਸ਼ਹਿਰੀਆਂ ਵੱਲੋਂ ਦਫਤਰ ਮੰਡਲ ਨੰਬਰ-2 ਵਿਚ ਆ ਕੇ ਅਫਸਰਾਂ ਨੂੰ ਕਥਿਤ ਰੂਪ ’ਚ ਗਾਲ੍ਹਾਂ ਕੱਢਣਾਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਨਿੰਦਾ ਕੀਤੀ। ਇਸ ਸਮੇਂ ਯੂਨੀਅਨ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ, ਜੋ ਵੀ ਅਗਲੀ ਕਾਰਵਾਈ ਉਲੀਕੇਗੀ, ਉਸ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਮੀਟਿੰਗ ’ਚ ਜਸਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਫੀਲਡ ’ਚ ਕੰਮ ਕਰਦੇ ਦਰਜਾ ਤਿੰਨ ਤੇ ਚਾਰ ਮੁਲਾਜ਼ਮਾਂ ਦੀ ਕੋਈ ਵੀ ਪ੍ਰਮੋਸ਼ਨ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਇਨ੍ਹਾਂ ਦੇ ਕੋਈ ਸਰਵਿਸ ਰੂਲ ਬਣਾਏ ਗਏ ਹਨ, ਜਦਕਿ ਦੂਜੇ ਪਾਸੇ ਅਧਿਕਾਰੀਆਂ ਵੱਲੋਂ ਵੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਰ ਕੇ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ 12 ਤੋਂ 20 ਮਾਰਚ ਤੱਕ ਮੁੱਖ ਦਫਤਰ ਪਟਿਆਲਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ ਤਾਂ ਜੋ ਜਲ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਦੇ ਕੰਨਾਂ ’ਤੇੇ ਜੂੰ ਸਰਕੇ ਅਤੇ ਉਹ ਫੀਲਡ ਮੁਲਾਜ਼ਮਾਂ ਦੇ ਮਸਲਿਆਂ ਵੱਲ ਧਿਆਨ ਦੇਣ। ਇਸ ਮੌਕੇ ਜੰਗ ਸਿੰਘ ਦਰਦੀ, ਸ਼ਮਸ਼ੇਰ ਸਿੰਘ, ਸੁਰੇਸ਼ ਕੁਮਾਰ, ਪ੍ਰੇਮ ਕਮਾਰ, ਬਲਵੰਤ ਸਿੰਘ, ਜਗਜੀਤ ਸਿੰਘ, ਆਤਮਾ ਸਿੰਘ, ਗੁਰਜੰਟ ਸਿੰਘ, ਜਸਪਾਲ ਸਿੰਘ, ਦਰਸ਼ਨ ਸਿੰਘ, ਕਾਕਾ ਸਿੰਘ ਸੰਧੂ, ਹਰਭਜਨ ਸਿੰਘ, ਮੁਖਤਿਆਰ ਸਿੰਘ, ਗੁਰਦਿਆਲ ਸਿੰਘ, ਗੁਰਦੇਵ ਸਿੰਘ, ਬਲਵੀਰ ਸਿੰਘ, ਬਿਰਜ ਲਾਲ ਆਦਿ ਮੌਜੂਦ ਸਨ।
