ਜ਼ਿਲਾ ਪੁਲਸ ਨੇ ਰਾਤ ਸਮੇਂ ਭਾਗਸਰ ਵਿਖੇ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ
Thursday, Feb 28, 2019 - 04:09 AM (IST)

ਫਰੀਦਕੋਟ (ਪਵਨ, ਖੁਰਾਣਾ, ਸੁਖਪਾਲ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਲੋਕਾਂ ਨੂੰ ਸਡ਼ਕ ਹਾਦਸਿਆਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜ਼ਿਲਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਦੇ ਨਿਰਦੇਸ਼ਾਂ ’ਤੇ ਜ਼ਿਲੇ ’ਚ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਸਕੂਲਾਂ-ਕਾਲਜਾਂ ਅਤੇ ਰਾਤ ਸਮੇਂ ਪਿੰਡਾਂ-ਸ਼ਹਿਰਾਂ ਵਿਚ ਜਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹਡ਼ੇ ਵਿਅਕਤੀ ਨਸ਼ਿਆਂ ਦੀ ਦਲ-ਦਲ ’ਚ ਫਸ ਚੁੱਕੇ ਹਨ ਅਤੇ ਨਸ਼ੇ ਛੱਡਣਾ ਚਾਹੁੰਦੇ ਹਨ, ਉਨ੍ਹਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਥਾਣਾ ਲੱਖੇਵਾਲੀ ਦੇ ਮੁੱਖ ਅਫਸਰ ਤੇਜਿੰਦਰਪਾਲ ਸਿੰਘ ਅਤੇ ਨਸ਼ਿਆਂ ਵਿਰੋਧੀ ਟੀਮ ਦੇ ਇੰਚਾਰਜ ਏ. ਐੱਸ. ਆਈ. ਗੁਰਾਂਦਿੱਤਾ ਸਿੰਘ ਨੇ ਪਿੰਡ ਭਾਗਸਰ ਵਿਖੇ ਸਰਕਾਰੀ ਧਰਮਸ਼ਾਲਾ ’ਚ ਨਸ਼ਿਆਂ ਦੀ ਦਲ-ਦਲ ਵਿਚ ਫਸ ਰਹੀ ਨੌਜਵਾਨ ਪੀਡ਼੍ਹੀ ਨੂੰ ਬਚਾਉਣ ਲਈ ਨਸ਼ਿਆਂ ਵਿਰੋਧੀ ਸੈਮੀਨਾਰ ਕਰਵਾਇਆ। ਇਹ ਸੈਮੀਨਾਰ ਲੋਕ ਭਲਾਈ ਕਲੱਬ ਰਹੂਡ਼ਿਆਂਵਾਲੀ ਦੇ ਸਰਪ੍ਰਸਤ ਜਰਨੈਲ ਸਿੰਘ ਬੱਲਮਗਡ਼੍ਹ, ਪ੍ਰਧਾਨ ਜੱਸਲ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮੇਂ ਇੰਸਪੈਕਟਰ ਤੇਜਿੰਦਰਪਾਲ ਸਿੰਘ ਨੇ ਲੋਕਾਂ ਨੂੰ ਨਸ਼ਿਆਂ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਸਾਡੇ ਪਰਿਵਾਰ ਰੁਲ ਜਾਂਦੇ ਹਨ। ਇਸ ਮੌਕੇ ਏ. ਐੱਸ. ਆਈ. ਕਾਸਮ ਅਲੀ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਸਡ਼ਕ ਹਾਦਸਿਆਂ ’ਚ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉਣ ’ਤੇ ਤੁਹਾਡੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ, ਸਗੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਜਾਵੇਗਾ। ਨਾਇਬ ਸਿੰਘ ਨੇ ਨਸ਼ਿਆਂ ਦੇ ਮਾਡ਼ੇ ਪ੍ਰਭਾਵਾਂ ਬਾਰੇ ਗੀਤ ਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੇ ਕੋਈ ਤੁਹਾਡੇ ਆਲੇ-ਦੁਆਲੇ ਨਸ਼ੇ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਵੋ ਅਤੇ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਦੌਰਾਨ ਲੋਕ ਭਲਾਈ ਕਲੱਬ ਦੇ ਮੈਂਬਰਾਂ ਨੇ ਪੁਲਸ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਬਲਵਿੰਦਰ ਸਿੰਘ, ਬਲਰਾਜ ਸਿੰਘ, ਸ਼ਿੰਦਰ ਸਿੰਘ, ਮੇਜਰ ਸਿੰਘ, ਬੇਅੰਤ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਸੁਖਜਿੰਦਰ ਸਿੰਘ, ਬਗੀਚਾ ਸਿੰਘ, ਸੱਤਾ ਸਿੰਘ ਆਦਿ ਹਾਜ਼ਰ ਸਨ।