ਮਹਿੰਦਰਪਾਲ ਕਤਲ ਕਾਂਡ : ਕੋਟਕਪੂਰਾ ਨਾਮ ਚਰਚਾ ਘਰ ਪੁਲਸ ਤੇ ਕਮਾਂਡੋ ਦੇ ਘੇਰੇ 'ਚ (ਵੀਡੀਓ)

Monday, Jun 24, 2019 - 02:44 PM (IST)

ਫਰੀਦਕੋਟ (ਬਿਊਰੋ) - ਨਾਭਾ ਦੀ ਜੇਲ 'ਚ ਕਤਲ ਕੀਤੇ ਗਏ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਲਾਸ਼ ਨੂੰ ਕੋਟਕਪੂਰਾ ਦੇ ਨਾਮ ਚਰਚਾ ਘਰ 'ਚ ਰਖਵਾ ਦਿੱਤਾ ਗਿਆ ਹੈ, ਜਿੱਥੇ ਪੁਲਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਚੱਪੇ-ਚੱਪੇ 'ਤੇ ਪੁਲਸ ਵਲੋਂ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਨਾਮ ਚਰਚਾ ਘਰਾਂ ਦੇ ਅੰਦਰ ਬੀ.ਐੱਸ.ਐੱਫ. ਅਤੇ ਬਾਹਰ ਪੁਲਸ ਦੀ ਟੁੱਕੜੀ ਤਾਇਨਾਤ ਕੀਤੀ ਗਈ ਹੈ, ਜਿਸ 'ਚ ਕਮਾਂਡੋ ਅਤੇ ਪੰਜਾਬ ਪੁਲਸ ਦੇ ਜਵਾਨ ਮੌਜੂਦ ਹਨ। ਬਿੱਟੂ ਦੀ ਮੌਤ ਤੋਂ ਬਾਅਦ ਮਾਹੌਲ ਖਰਾਬ ਹੋ ਜਾਣ ਦਾ ਖਦਸ਼ਾ ਹੋਣ 'ਤੇ ਮੁਖ ਸੜਕਾਂ 'ਤੇ ਪੁਲਸ ਵਲੋਂ ਨਾਕੇਬੰਦੀ ਕੀਤੀ ਗਈ ਹੈ। ਉਧਰ ਦੂਜੇ ਪਾਸੇ ਡੇਰਾ ਸਿਰਸਾ ਦੀ 7 ਮੈਂਬਰੀ ਕਮੇਟੀ ਨੇ ਬੀਤੇ ਦਿਨ ਮਹਿੰਦਰਪਾਲ ਬਿੱਟੂ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿੰਦਰਪਾਲ ਦਾ ਕਤਲ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ, ਜਿਸ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਅਤੇ ਡੇਰਾ ਪ੍ਰੇਮੀਆਂ 'ਤੇ ਦਰਜ ਕੀਤੇ ਗਏ ਬੇਅਦਬੀ ਦੇ ਝੂਠੇ ਮਾਮਲੇ ਰੱਦ ਕਰਨ ਦੀ ਮੰਗ ਕੀਤੀ ਹੈ।

ਦੱਸ ਦੇਈਏ ਕਿ ਬਰਗਾੜੀ ਕਾਂਡ ਦਾ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਪਿਛਲੇ ਕਰੀਬ 7 ਮਹੀਨਿਆਂ ਤੋਂ ਜੇਲ 'ਚ ਹਵਾਲਾਤੀ ਦੇ ਤੌਰ 'ਤੇ ਬੰਦ ਸੀ। ਸ਼ਨੀਵਾਰ ਨੂੰ ਬੈਰਕ ਨੰ-1 'ਚ ਬੰਦ ਮਹਿੰਦਰਪਾਲ 'ਤੇ 2 ਹਵਾਲਾਤੀਆਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੇ ਲੋਹੇ ਦੀ ਰਾਡ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮਹਿੰਦਰਪਾਲ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ, ਜੋ ਇਸ ਸਮੇਂ ਕੋਟਕਪੂਰਾ ਦੇ ਨਾਮ ਚਰਚਾ ਘਰ 'ਚ ਹੈ।


author

rajwinder kaur

Content Editor

Related News