ਨਾਭਾ ਜੇਲ 'ਚ ਕਤਲ ਕੀਤੇ ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸੰਸਕਾਰ (ਵੀਡੀਓ)

06/24/2019 6:56:48 PM

ਫਰੀਦਕੋਟ (ਜਗਤਾਰ) - ਡੇਰਾ ਪ੍ਰੇਮੀਆਂ ਦੀ ਬਣੀ ਕਮੇਟੀ ਦੇ ਆਪਸੀ ਸਮਝੌਤੇ ਤੋਂ ਬਾਅਦ ਨਾਭਾ ਜੇਲ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮਹਿੰਦਰਪਾਲ ਦੇ ਵੱਡੇ ਪੁੱਤਰ ਅਮਰਿੰਦਰ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਡੇਰਾ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਫਰੀਦਕੋਟ ਦੇ ਡੀ.ਸੀ. ਨੇ ਕਿਹਾ ਕਿ ਮਹਿੰਦਰਪਾਲ ਦੇ ਕਤਲ ਦੀ ਜਾਂਚ ਉੱਚ ਪੱਧਰੀ ਕਮੇਟੀ ਵਲੋਂ ਕੀਤੀ ਜਾਵੇਗੀ। ਦੱਸ ਦੇਈਏ ਕਿ ਲੰਘੀ 22 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਬਰਗਾੜੀ ਕਾਂਡ ਦਾ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਜਦੋਂ ਆਪਣੀ ਬੈਰਕ ਤੋਂ ਬਾਹਰ ਆਇਆ ਤਾਂ ਪਹਿਲਾਂ ਤੋਂ ਹੀ ਕਤਲ ਕੇਸ ਦੇ ਮਾਮਲਿਆਂ 'ਚ ਜੇਲ 'ਚ ਬੰਦ ਦੋ ਕੈਦੀਆਂ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨੇ ਬਿੱਟੂ ਦੇ ਸਿਰ ਅਤੇ ਮੂੰਹ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਇਸ ਹਮਕੇ ਕਾਰਨ ਉਹ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ, ਜਿਸ ਕਾਰਨ ਜੇਲ ਪ੍ਰਸ਼ਾਸਨ ਉਸ ਨੂੰ ਸਿਵਲ ਹਸਪਤਾਲ ਨਾਭਾ ਲੈ ਆਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਦੋਵਾਂ ਕੈਦੀਆਂ ਮਨਿੰਦਰ ਸਿੰਘ ਵਾਸੀ ਪਿੰਡ ਭਗੜਾਣਾ ਜ਼ਿਲਾ ਫ਼ਤਹਿਗੜ੍ਹ ਸਾਹਿਬ ਤੇ ਗੁਰਸੇਵਕ ਸਿੰਘ ਪਿੰਡ ਝਿਊਰਹੇੜੀ ਜ਼ਿਲਾ ਮੁਹਾਲੀ ਨੂੰ ਮੁੜ ਕਾਬੂ ਕਰਕੇ ਉਨ੍ਹਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਦਿੱਤਾ।

PunjabKesari

ਡਿਊਟੀ ਮੈਜਿਸਟਰੇਟ ਦੀ ਨਿਗਰਾਨੀ ਹੇਠ ਤਿੰਨ ਡਾਕਟਰਾਂ ਦੀ ਪੈਨਲ ਵਲੋਂ ਕਰੀਬ ਇਕ ਘੰਟੇ ਤੱਕ ਲਾਸ਼ ਦਾ ਪੋਸਟਮਾਰਟਮ ਉਸੇ ਰਾਤ ਕਰ ਦਿੱਤਾ ਗਿਆ ਸੀ, ਜਿਸ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ। ਪੋਸਟਮਾਰਟਮ ਤੋਂ ਤੁਰੰਤ ਬਾਅਦ ਮਹਿੰਦਰਪਾਲ ਦੀ ਲਾਸ਼ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਉਹ ਕੋਟਕਪੂਰਾ ਰਵਾਨਾ ਹੋ ਗਏ।

ਇਸ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਅਤੇ ਐੱਸ. ਐੱਸ. ਪੀ. ਫਰੀਦਕੋਟ ਰਾਜ ਬਚਨ ਸਿੰਘ ਸੰਧੂ ਨੇ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਨਾਲ-ਨਾਲ ਡੇਰਾ ਕਮੇਟੀ ਵਲੋਂ ਰੱਖੀਆਂ ਮੰਗਾਂ ਨੂੰ ਤੁਰੰਤ ਪੰਜਾਬ ਸਰਕਾਰ ਕੋਲ ਭੇਜਣ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਹਿੰਦਰਪਾਲ ਬਿੱਟੂ ਦੀ ਜੇਲ 'ਚ ਹੋਈ ਮੌਤ ਦੀ ਉੱਚ ਪੱਧਰੀ ਜਾਂਚ ਦੀ ਡੇਰਾ ਕਮੇਟੀ ਦੀ ਪਹਿਲੀ ਮੰਗ ਅਨੁਸਾਰ ਜਾਂਚ ਲਈ 5 ਮੈਂਬਰੀ ਹਾਈ ਲੈਵਲ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੇ ਮੁਖੀ ਏ. ਡੀ. ਜੀ. ਪੀ. (ਲਾਅ) ਈਸ਼ਵਰ ਸਿੰਘ ਹੋਣਗੇ। ਇਸ ਤੋਂ ਇਲਾਵਾ ਜੋ ਕੇਸ ਅਦਾਲਤ ਵਿਚ ਹਨ ਅਤੇ ਜਿਨ੍ਹਾਂ ਦੀ ਚਾਰਜਸ਼ੀਟ ਫਾਈਲ ਹੋ ਚੁੱਕੀ ਹੈ, ਦੇ ਸਬੰਧੀ ਅਦਾਲਤੀ ਕਾਰਵਾਈ ਵਿਚ ਤੇਜ਼ੀ ਲਿਆਉਣ ਅਤੇ ਜਲਦੀ ਫੈਸਲਾ ਕਰਨ ਲਈ ਵੀ ਸਰਕਾਰ ਨੂੰ ਲਿਖਿਆ ਜਾਵੇਗਾ।

PunjabKesari

ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਡੇਰਾ ਸਿਰਸਾ ਦੀ ਉੱਚ ਪੱਧਰੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ। ਬਰਗਾੜੀ ਕਾਂਡ ਦੇ ਮਾਮਲੇ 'ਚ ਪੰਜਾਬ ਪੁਲਸ ਦੀ ਸਪੈਸ਼ਲ ਜਾਂਚ ਟੀਮ ਵਲੋਂ ਮਹਿੰਦਰਪਾਲ ਬਿੱਟੂ ਕੋਟਕਪੂਰਾ ਦਾ ਨਾਂ ਮੁੱਖ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਸੀ, ਜਿਸ ਨੂੰ ਪੁਲਸ ਨੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਇਕ ਸਾਲ ਪਹਿਲਾਂ ਕਾਬੂ ਕਰ ਲਿਆ ਸੀ। ਪੁਲਸ ਰਿਮਾਂਡ ਤੋਂ ਬਾਅਦ ਮਹਿੰਦਰਪਾਲ ਪਿਛਲੇ ਕਰੀਬ 7 ਮਹੀਨਿਆਂ ਤੋਂ ਨਾਭਾ ਜੇਲ 'ਚ ਹਵਾਲਾਤੀ ਦੇ ਤੌਰ 'ਤੇ ਬੰਦ ਸੀ।


rajwinder kaur

Content Editor

Related News