ਫਰੀਦਕੋਟ ’ਚ ਟਿੱਡੀ ਦਲ ਦੀ ਦਹਿਸ਼ਤ, ਪਰਿਵਾਰ ਸਣੇ ਖੇਤਾਂ ’ਚ ਬੈਠੇ ਕਿਸਾਨ (ਵੀਡੀਓ)
Tuesday, Jan 28, 2020 - 03:15 PM (IST)
ਫਰੀਦਕੋਟ (ਜਗਤਾਰ) - ਰਾਜਸਥਾਨ ਤੋਂ ਬਾਅਦ ਪੰਜਾਬ ਦੇ ਕਿਸਾਨਾਂ 'ਚ ਵੀ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਸਹਿਮ ਪਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਫਰੀਦਕੋਟ ਜ਼ਿਲੇ ਦੇ ਕਈ ਪਿੰਡਾਂ ਦਾ ਸਾਹਮਣੇ ਆਇਆ ਹੈ, ਜਿਥੇ ਕਿਸਾਨਾਂ ਨੇ ਟਿੱਡੀ ਦਲ ਦੇ ਕੁਝ ਟਿੱਡੇ ਮਿਲਣ ਦੀ ਪੁਸ਼ਟੀ ਕੀਤੀ ਹੈ। ਟਿੱਡੀ ਦਲ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਫਸਲਾਂ ਬਚਾਉਣ ਦਾ ਡਰ ਪੈ ਗਿਆ ਹੈ। ਫਰੀਦਕੋਟ ਦੇ ਪਿੰਡ ਨਵਾਂ ਕਿਲਾ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕਣਕ ਦੀ ਫਸਲ ’ਚ ਟਿੱਡੀ ਦਲ ਦੇ ਟਿੱਡੇ ਮਿਲ ਰਹੇ ਹਨ। ਇਸੇ ਕਾਰਨ ਕਿਸਾਨਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦੀਆਂ ਫਸਲਾਂ ਟਿੱਡੀ ਦਲ ਦੀ ਭੇਟ ਨਾ ਚੜ੍ਹ ਜਾਣ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਫਸਲਾਂ ਦੀ ਰਾਖੀ ਲਈ ਖੇਤਾਂ ’ਚ ਬੈਠ ਕੇ ਬਰਤਨ ਖੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਆਫਤ ਵੱਲ ਸਮਾਂ ਰਹਿੰਦੇ ਧਿਆਨ ਦੇਵੇ ਤਾਂ ਜੋ ਕਿਸਾਨਾਂ ਦੇ ਵੱਡੀ ਪੱਧਰ ’ਤੇ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਇਸ ਸਮੱਸਿਆਂ ਦੇ ਸੰਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਬਲਾਕ ਖੇਤੀ ਬਾੜੀ ਵਿਕਾਸ਼ ਅਫਸਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਟਿੱਡੀ ਦਲ ਤੋਂ ਘਬਰਾਉਣ ਵਾਲੀ ਕੋਈ ਗੱਲ ਨਹੀਂ। ਇਹ ਹਵਾ ਦੇ ਰੁੱਖ ਕਾਰਨ ਇਧਰ ਆਏ ਹੋਏ ਹਨ। ਕਈ ਥਾਵਾਂ ’ਤੇ ਇਹ ਉਡਣਯੋਗ ਵੀ ਨਹੀਂ, ਇੰਝ ਲਗਦਾ ਜਿਵੇਂ ਇਨ੍ਹਾਂ ’ਤੇ ਸਪਰੇਅ ਵਗੈਰਾ ਦਾ ਅਸਰ ਹੋਵੇ।