ਫਰੀਦਕੋਟ ਜ਼ਿਲ੍ਹੇ ''ਚ 28 ਕੋਰੋਨਾ ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ

Wednesday, Aug 19, 2020 - 06:02 PM (IST)

ਫਰੀਦਕੋਟ (ਬਾਂਸਲ, ਜਸਬੀਰ ਕੌਰ)- ਅੱਜ ਫਰੀਦਕੋਟ ਜ਼ਿਲੇ ਦੇ 28 ਕੋਰੋਨਾ ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਪਹੁੰਚ ਗਏ ਪਰ ਦੂਜੇ ਪਾਸੇ ਕੋਰੋਨਾ ਨੇ ਆਪਣੇ ਪੈਰ ਹੋਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। 57 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਇਕੋ ਦਿਨ ਵਿਚ ਸਾਹਮਣੇ ਆਉਣਾ ਅਤੇ ਜ਼ਿਲੇ ਅੰਦਰ ਚੌਥੀ ਕੋਰੋਨਾ ਮਰੀਜ਼ ਦੀ ਮੌਤ ਚਿੰਤਾਜਨਕ ਹੈ। ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਆਈ. ਏ. ਐੱਸ ਅਤੇ ਕਾਜਕਾਰੀ ਸਿਵਲ ਸਰਜਨ ਡਾ. ਸੰਜੀਵ ਸੇਠੀ ਨੇ ਲੋਕਾਂ ਨੂੰ ਜਾਰੀ ਸਾਵਧਾਨੀਆਂ ਵਰਤਣ ਅਤੇ ਨੇੜੇ ਦੇ ਫਲੂ ਕਾਰਨਰ ’ਤੇ ਕੋਰੋਨਾ ਸੈਂਪਲਿੰਗ ਕਰਵਾਉਣ ਦੀ ਅਪੀਲ ਕੀਤੀ । ਜ਼ਿਲਾ ਫਰੀਦਕੋਟ ਨਾਲ ਸਬੰਧਤ 57 ਕੇਸਾਂ ਦੀ ਕੋਰੋਨਾ ਪਾਜ਼ੇਟਿਵ ਵਜੋਂ ਪੁਸ਼ਟੀ ਹੋਈ ਹੈ, ਜਿੰਨ੍ਹਾਂ ਵਿਚ ਕੋਟਕਪੂਰਾ ਦੇ 15, ਫਰੀਦਕੋਟ ਸ਼ਹਿਰ ਨਾਲ ਸਬੰਧਿਤ 32 ਕੇਸ, ਪਿੰਡ ਧੂੜਕੋਟ ਦਾ 1, ਸਿਰਸਿੜੀ ਦਾ 1, ਮਚਾਕੀ ਕਲਾਂ ਦੇ 2, ਸੰਧਵਾਂ ਦਾ 1, ਬੀਹਲੇਵਾਲਾ ਦਾ 1, ਚਹਿਲ ਦਾ 1 ਵਿਅਕਤੀ, ਮਹਿਮੂਆਣਾ ਦਾ 1, ਅਰਾਂਈਆਂਵਾਲਾ ਦਾ 1 ਅਤੇ ਘੁਗਿਆਣਾ ਦਾ 1 ਕੇਸ ਸ਼ਾਮਿਲ ਹੈ ਜਦਕਿ ਫਰੀਦਕੋਟ ਦੇ ਕੈਂਟ ਰੋਡ ਗਲੀ ਨੰਬਰ 3 ਦਾ ਵਸਨੀਕ 78 ਸਾਲਾ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ।

ਕਾਰਜਕਾਰੀ ਸਿਵਲ ਸਰਜਨ ਡਾ. ਸੇਠੀ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 19297 ਸੈਂਪਲ ਲਏ ਗਏ ਹਨ। ਜਿੰਨ੍ਹਾਂ ਵਿਚੋਂ 17903 ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆਂ ਹਨ, 462 ਰਿਪੋਰਟਾਂ ਦੇ ਨਤੀਜੇ ਆਉਣੇ ਬਾਕੀ ਹਨ। ਜ਼ਿਲਾ ਐਪੀਡਿਮੋਲੋਜਿਸਟ ਡਾ. ਵਿਕਰਮਜੀਤ ਸਿੰਘ ਅਤੇ ਮੀਡੀਆ ਇੰਚਾਰਜ਼ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜ਼ਿਲੇ ਵਿਚ ਸਿਹਤ ਸੰਸਥਾਵਾਂ ਵਿਖੇ ਫਲੂ ਕਾਰਨਰ ਫਰੀਦਕੋਟ, ਕੋਟਕਪੂਰਾ, ਜੈਤੋ, ਬਾਜਾਖਾਨਾ, ਸਾਦਿਕ ਵਿਖੇ ਚੱਲ ਰਹੇ ਹਨ। ਜਿੱਥੇ ਕੋਈ ਵੀ ਕੋਰੋਨਾ ਦਾ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ’ਤੇ ਕੋਰੋਨਾ ਦਾ ਸੈਂਪਲ ਦੇ ਸਕਦਾ ਹੈ। ਅੱਜ ਫਲੂ ਕਾਰਨਰ ਟੀਮਾਂ ਵੱਲੋਂ 250 ਸ਼ੱਕੀ ਮਰੀਜ਼ਾਂ ਦੇ ਸੈਂਪਲ ਇਕੱਤਰ ਕਰਕੇ ਲੈਬ ਵਿਚ ਭੇਜੇ ਗਏ ਹਨ ।


Bharat Thapa

Content Editor

Related News