ਫ਼ਰੀਦਕੋਟ ’ਚ ਅੱਜ ਤੋਂ ਸ਼ੁਰੂ ਹੋਵੇਗਾ ਨੁੱਕਰੇ ਤੇ ਮਾਰਵਾੜੀ ਘੋੜਿਆਂ ਦਾ ਬਰੀਡ ਸ਼ੋਅ

Friday, Jan 31, 2020 - 11:59 AM (IST)

ਫ਼ਰੀਦਕੋਟ ’ਚ ਅੱਜ ਤੋਂ ਸ਼ੁਰੂ ਹੋਵੇਗਾ ਨੁੱਕਰੇ ਤੇ ਮਾਰਵਾੜੀ ਘੋੜਿਆਂ ਦਾ ਬਰੀਡ ਸ਼ੋਅ

ਫ਼ਰੀਦਕੋਟ (ਹਾਲੀ) - ਘੋੜਾ ਪਾਲਕਾਂ ਦੀ ਪ੍ਰਮੁੱਖ ਸੰਸਥਾ ਸ੍ਰੀ ਗੋਬਿੰਦ ਸਿੰਘ ਹਾਰਸ ਬਰੀਡਰਜ਼ ਸੋਸਾਇਟੀ ਵਲੋਂ 31 ਜਨਵਰੀ ਤੋਂ 3 ਫਰਵਰੀ ਤੱਕ ਨੁੱਕਰੇ ਅਤੇ ਮਾਰਵਾੜੀ ਘੋੜਿਆਂ ਦਾ ਬਰੀਡਜ਼ ਸ਼ੋਅ ਪੰਜਾਬ ਦੇ ਪ੍ਰਮੁੱਖ ਸ਼ਹਿਰ ਫਰੀਦਕੋਟ ਵਿਖੇ ਸ਼ੂਗਰ ਮਿੱਲ ਕੋਟਕਪੂਰਾ ਰੋਡ ਵਿਖੇ ਹੋ ਰਿਹਾ ਹੈ। ਇਸ ਸਬੰਧੀ 3 ਫ਼ਰਵਰੀ ਨੂੰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਸ਼ੂ ਪਾਲਣ ਮੰਤਰੀ ਪੰਜਾਬ ਸਰਕਾਰ ਇਨਾਮ ਵੰਡਣ ਦੀ ਰਸਮ ਅਦਾ ਕਰਨਗੇ। ਇਸ ਸਮੇਂ ਜੇਤੂ ਘੋੜੇ-ਘੋੜੇ ਨੂੰ 1-1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਹਿਲੇ 10 ਸਥਾਨਾਂ ’ਤੇ ਆਏ ਜਾਨਵਰਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਇਹ ਮੁਕਾਬਲੇ ਸੋਸਾਇਟੀ ਦੇ ਚੇਅਰਮੈਨ ਅਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਢਿੱਲੋਂ ਦੀ ਰਹਿਨੁਮਾਈ ਹੇਠ ਹੋਣਗੇ।

ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਸਕੱਤਰ ਪਿੰਦਰ ਸ਼ੇਰੇਵਾਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ, ਯੂ. ਪੀ. ਅਤੇ ਦਿੱਲੀ ਆਦਿ ਸਮੇਤ ਕਈ ਹੋਰ ਇਲਾਕਿਆਂ ਤੋਂ ਘੋੜਾ ਪਾਲਕ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਉਲੀਕੇ ਗਏ ਪ੍ਰੋਗਰਾਮ ਅਨੁਸਾਰ 31 ਜਨਵਰੀ ਨੂੰ ਸਰਪਟ ਘੋੜਿਆਂ ਦੀ ਚਾਲ ਦੇ ਮੁਕਾਬਲੇ ਹੋਣਗੇ। ਇਸ ਵਿਚ ਪਹਿਲੇ 10 ਸਥਾਨਾਂ ’ਤੇ ਆਏ ਜਾਨਵਰਾਂ ਨੂੰ ਦਿਲ-ਖਿੱਚਵੇਂ ਇਨਾਮ ਦਿੱਤੇ ਜਾਣਗੇ। 31 ਜਨਵਰੀ ਨੂੰ ਨੁੱਕਰੇ ਦੁੱਧ-ਦੰਦ ਬੱਚਿਆਂ ਦੇ ਮੁਕਾਬਲੇ ਹੋਣਗੇ, 1 ਫਰਵਰੀ ਨੂੰ ਦੁੱਧ-ਦੰਦ ਮਾਰਵਾੜੀ, ਦੰਦ ਨੁੱਕਰਾ ਦੇ ਮੁਕਾਬਲੇ ਅਤੇ 2 ਫਰਵਰੀ ਨੂੰ ਦੋ ਦੰਦ ਮਾਰਵਾੜੀ ਅਤੇ ਵੱਡੇ ਨੁੱਕਰਾ ਘੋੜੇ-ਘੋੜੀਆਂ ਦੇ ਮੁਕਾਬਲੇ ਕਰਵਾਏ ਜਾਣਗੇ। 3 ਫਰਵਰੀ ਨੂੰ ਮਾਰਵਾੜੀ ਘੋੜੇ-ਘੋੜਿਆਂ ਦੇ ਮੁਕਾਬਲੇ ਕਰਵਾਏ ਜਾਣਗੇ।

ਨੁੱਕਰਾ ਅਤੇ ਮਾਰਵਾੜੀ ਨਸਲ ਦੇ ਵੱਖ-ਵੱਖ ਬੈਸਟ ਐਨੀਮਲ ਦਾ ਐਲਾਨ ਕੀਤਾ ਜਾਵੇਗਾ। ਇਸ ’ਚ ਅੱਵਲ ਆਉਣ ਵਾਲੇ ਜਾਨਵਰਾਂ ਦੇ 2 ਮਾਲਕਾਂ ਨੂੰ ਮੋਟਰਸਾਈਕਲ ਇਨਾਮ ’ਚ ਦਿੱਤੇ ਜਾਣਗੇ। ਇਸ ਮੌਕੇ ਪਿੰਦਰ ਸ਼ੇਰੇਵਾਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਿਲਆਂ ’ਚ ਹਿੱਸਾ ਲੈਣ ਵਾਲੇ ਘੋੜਾਂ ਪਾਲਕਾਂ ਦੀ ਰਿਹਾਇਸ਼, ਖਾਣ-ਪੀਣ ਤੋਂ ਇਲਾਵਾ ਜਾਨਵਰਾਂ ਦੇ ਰਹਿਣ ਅਤੇ ਖਾਣ ਦਾ ਪ੍ਰਬੰਧ ਸੋਸਾਇਟੀ ਵਲੋਂ ਹੀ ਕੀਤਾ ਜਾਵੇਗਾ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ, ਪ੍ਰਧਾਨ ਅਮਰ ਇਕਬਾਲ ਸਿੰਘ ਭਿੰਡਰ ਅਤੇ ਪਿੰਦਰ ਸ਼ੇਰੇਵਾਲਾ ਨੇ ਸਮੂਹ ਘੋੜਾ ਪਾਲਕਾਂ ਨੂੰ ਇਨ੍ਹਾਂ ਮੁਕਾਬਲਿਆਂ ’ਚ ਹਿੱਸਾ ਲੈਣ ਦੀ ਅਪੀਲ ਕੀਤੀ।


author

rajwinder kaur

Content Editor

Related News