ਬਹਿਬਲ ਕਲਾਂ ਕਾਂਡ : 'ਸਿਟ' ਦੀ ਤਫਤੀਸ਼ ਮੁਕੰਮਲ, 200 ਤੋਂ ਵੱਧ ਲੋਕਾਂ ਦੇ ਲਏ ਬਿਆਨ

01/15/2019 1:05:59 PM

ਫਰੀਦਕੋਟ (ਜ. ਬ., ਰਾਜਨ)— ''ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਵਾਪਰੇ ਗੋਲੀ ਕਾਂਡ ਦੀ ਤਫਤੀਸ਼ ਕਰ ਰਹੀ ਕੈਪਟਨ ਸਰਕਾਰ ਵੱਲੋਂ ਬਣਾਈ ਗਈ 'ਸਿਟ' (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਨੇ ਆਪਣੀ 'ਤਫਤੀਸ਼ ਲਗਭਗ ਮੁਕੰਮਲ' ਕਰ ਲਈ ਹੈ''। ਇਹ ਜਾਣਕਾਰੀ ਸੋਮਵਾਰ ਨੂੰ ਇੱਥੇ ਗੱਲਬਾਤ ਕਰਦਿਆਂ 'ਸਿਟ' ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਿੱਤੀ। ਇਸ ਸਮੇਂ ਉਨ੍ਹਾਂ ਨਾਲ ਟੀਮ ਦੇ ਦੋ ਹੋਰ ਮੈਂਬਰ ਮੌਜੂਦ ਸਨ। 'ਸਿਟ' ਦੇ ਮੁਖੀ ਨੇ ਦੱਸਿਆ ਕਿ ਪਿਛਲੇ 5 ਮਹੀਨਿਆਂ ਦੌਰਾਨ ਉਨ੍ਹਾਂ ਨੇ 200 ਤੋਂ ਵੱਧ ਲੋਕਾਂ ਨੂੰ ਬੁਲਾਇਆ ਜਾਂ ਉਹ ਖੁਦ ਪੇਸ਼ ਹੋ ਕੇ ਆਪਣੇ ਬਿਆਨ ਦੇ ਕੇ ਗਏ ਹਨ, ਜਿਨ੍ਹਾਂ ਨੂੰ ਆਧਾਰ ਮੰਨ ਕੇ 80 ਫੀਸਦੀ ਤਫਤੀਸ਼ ਮੁਕੰਮਲ ਕਰ ਲਈ ਗਈ ਹੈ ਪਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਚਰਨਜੀਤ ਸ਼ਰਮਾ ਸੇਵਾ ਮੁਕਤ ਐੱਸ. ਐੱਸ. ਪੀ. ਸਮੇਤ ਹੋਰਨਾਂ ਨੂੰ ਦਿੱਤੇ ਸਟੇਅ ਕਾਰਨ 'ਸਿਟ' ਅਜੇ ਉਨ੍ਹਾਂ ਨੂੰ ਤਫਤੀਸ਼ ਲਈ ਨਹੀਂ ਬੁਲਾ ਸਕੀ ਹੈ, ਜਿਸ ਕਾਰਨ ਅਜੇ ਕੋਈ ਰਿਪੋਰਟ ਅਦਾਲਤ ਵਿਚ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਬਾਰੇ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ ਹੋਇਆ ਹੈ ਅਤੇ ਫੈਸਲਾ ਹੁੰਦਿਆਂ ਹੀ ਤੁਰੰਤ ਉਨ੍ਹਾਂ ਨੂੰ ਤਫਤੀਸ਼ ਵਿਚ ਸ਼ਾਮਲ ਕਰ ਕੇ ਕੰਮ ਮੁਕੰਮਲ ਕਰ ਲਿਆ ਜਾਵੇਗਾ। 'ਸਿਟ' ਨੇ ਤਫਤੀਸ਼ ਦਾ ਪੱਧਰ ਕਿਸੇ ਅੰਤਰਰਾਸ਼ਟਰੀ ਏਜੰਸੀ ਦੇ ਪੱਧਰ ਦਾ ਕੀਤਾ ਹੈ ਤਾਂ ਕਿ ਇਸ ਤੋਂ ਬਾਅਦ ਕੋਈ ਵੀ ਵੱਡੀ ਏਜੰਸੀ ਵੀ ਤਫਤੀਸ਼ ਕਰੇ ਤਾਂ ਇਸ 'ਚੋਂ ਕੁਝ ਨਵਾਂ ਨਹੀਂ ਨਿਕਲੇਗਾ।

ਅਹਿਮ ਗਵਾਹ : ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਅਜੇ ਵੀ 'ਸਿਟ' ਕੋਲ ਕਈ ਅਹਿਮ ਗਵਾਹ ਪਹੁੰਚੇ ਰਹੇ ਹਨ ਅਤੇ ਉਨ੍ਹਾਂ ਦੇ ਬਿਆਨ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਪਟਿਆਲਾ ਤੋਂ ਅਹਿਮ ਗਵਾਹ ਉਨ੍ਹਾਂ ਕੋਲ ਆਇਆ ਹੈ, ਜੋ ਕਿ ਪਹਿਲਾਂ ਕਿਸੇ ਵੀ ਜਾਂਚ ਵਿਚ ਸ਼ਾਮਲ ਨਹੀਂ ਹੋਇਆ। ਇਸ ਗਵਾਹ ਨੇ ਗੋਲੀ ਕਾਂਡ ਵਿਚ ਜ਼ਖ਼ਮੀ ਹੋਏ ਅਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿੰਨੀ ਦੇਰ ਹਾਈ ਕੋਰਟ ਦਾ ਇਸ ਮਾਮਲੇ ਵਿਚ ਰਿੱਟ ਦਾ ਕੋਈ ਫੈਸਲਾ ਨਹੀਂ ਆ ਜਾਂਦਾ, ਉਦੋਂ ਤੱਕ 'ਸਿਟ ਆਪਣਾ ਕੰਮ ਅਤੇ ਬਿਆਨ ਲੈਣੇ ਜਾਰੀ ਰੱਖੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਗਵਾਹਾਂ ਦੇ ਬਿਆਨਾਂ ਦੀ ਸੱਚਾਈ ਜਾਂਚਣ ਲਈ ਜੇਕਰ ਉਨ੍ਹਾਂ ਨੂੰ ਝੂਠ ਫੜਨ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਟੈਸਟ ਕਰਵਾਉਣ ਦੀ ਜ਼ਰੂਰਤ ਵੀ ਪਈ ਤਾਂ ਉਹ ਵੀ ਕਰਵਾਏ ਜਾਣਗੇ।

ਕਿੱਥੇ ਜਾਵੇਗੀ ਰਿਪੋਰਟ : 'ਸਿਟ' ਮੁਖੀ ਨੇ ਦੱਸਿਆ ਕਿ ਉਹ ਆਪਣੀ ਰਿਪੋਰਟ ਮੁਕੰਮਲ ਕਰ ਕੇ ਅਤੇ ਇਸ ਨੂੰ ਕਿਸੇ ਸਰਕਾਰ ਨੂੰ ਨਹੀਂ ਸੌਂਪਣਗੇ, ਬਲਕਿ ਇਹ ਸਿੱਧੀ ਫਰੀਦਕੋਟ ਦੀਆਂ ਅਦਾਲਤਾਂ 'ਚ ਚੱਲ ਰਹੇ ਗੋਲੀ ਕਾਂਡ ਸਬੰਧੀ ਕੇਸਾਂ ਵਿਚ ਚਾਰਜਸ਼ੀਟ ਦੇ ਰੂਪ ਵਿਚ ਪੇਸ਼ ਕੀਤੀ ਜਾਵੇਗੀ ਅਤੇ ਇਸ ਉੱਪਰ ਅਗਲੀ ਕਾਰਵਾਈ ਅਦਾਲਤ ਕਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਬੇਅਦਬੀ ਸਬੰਧੀ ਦਰਜ ਹੋਏ ਕੇਸਾਂ ਦੀ ਜਾਂਚ ਸੀ. ਬੀ. ਆਈ. ਵੱਖਰੇ ਤੌਰ 'ਤੇ ਜਾਂਚ ਕਰ ਰਹੀ ਹੈ ਅਤੇ 'ਸਿਟ' ਸਿਰਫ ਗੋਲੀ ਕਾਂਡ ਨਾਲ ਸਬੰਧਤ ਕੇਸਾਂ ਦੀ ਤਫਤੀਸ਼ ਕਰ ਰਹੀ ਹੈ। ਫਿਰ ਵੀ ਇਹ ਕਿਉਂ ਵਾਪਰਿਆ ਅਤੇ ਇਸ ਨਾਲ ਸਬੰਧਤ ਸਾਰੇ ਮਾਮਲੇ ਨੂੰ ਧਿਆਨ ਵਿਚ ਰੱਖ ਕੇ ਹਰ ਪੱਖੋਂ ਤਫਤੀਸ਼ ਵਿਚ ਲਿਆਂਦਾ ਜਾਵੇਗਾ।

ਜਲਦੀ ਪੇਸ਼ ਕੀਤੀ ਜਾਵੇ ਚਾਰਜਸ਼ੀਟ ਫਾਈਲ : ਕੁਲਤਾਰ ਸਿੰਘ ਸੰਧਵਾਂ-ਪ੍ਰੈੱਸ ਕਾਨਫਰੰਸ ਤੋਂ ਪਹਿਲਾਂ 'ਸਿਟ' ਦੇ ਮੁਖੀ ਨੂੰ ਮਿਲ ਕੇ 'ਆਪ' ਦੇ ਬੁਲਾਰੇ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮੰਗ ਕੀਤੀ ਕਿ ਤਫਤੀਸ਼ ਜਲਦੀ ਮੁਕੰਮਲ ਕਰ ਕੇ ਚਾਰਜਸ਼ੀਟ ਫਾਈਲ ਅਦਾਲਤ ਵਿਚ ਪੇਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 'ਸਿਟ' ਮੁਖੀ ਦੀ ਈਮਾਨਦਾਰੀ ਬਾਰੇ ਉਹ ਜਾਣਦੇ ਹਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਟੀਮ ਗੋਲੀ ਕਾਂਡ ਦੇ ਮਾਮਲੇ ਵਿਚ ਸਹੀ ਰਿਪੋਰਟ ਸਾਹਮਣੇ ਲਿਆਵੇਗੀ।


cherry

Content Editor

Related News