ਪਾਣੀ ਦੀ ਨਿਕਾਸੀ ਨੂੰ ਲੈ ਕੇ ਫਰੀਦਕੋਟ ਦੇ ਦੋ ਪਿੰਡਾਂ ''ਚ ਟਕਰਾਅ, ਸਥਿਤੀ ਤਨਾਅਪੂਰਨ

Thursday, Jul 18, 2019 - 05:45 PM (IST)

ਪਾਣੀ ਦੀ ਨਿਕਾਸੀ ਨੂੰ ਲੈ ਕੇ ਫਰੀਦਕੋਟ ਦੇ ਦੋ ਪਿੰਡਾਂ ''ਚ ਟਕਰਾਅ, ਸਥਿਤੀ ਤਨਾਅਪੂਰਨ

ਫਰੀਦਕੋਟ (ਜਗਤਾਰ) - ਪਾਣੀ ਦੀ ਨਿਕਾਸੀ ਨੂੰ ਲੈ ਕੇ ਫਰੀਦਕੋਟ ਦੇ ਦੋ ਪਿੰਡਾਂ ਹਰੀਏ ਵਾਲਾ ਅਤੇ ਵਟੁ ਪਿੰਡ ਦੇ ਲੋਕਾਂ 'ਚ ਟਕਰਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਥੋਂ ਦੀ ਸਥਿਤੀ ਤਨਾਅਪੂਰਨ ਬਣ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਵੱਡੀ ਗਿਣਤੀ 'ਚ ਪਹੁੰਚੀ ਪੁਲਸ ਫੋਰਸ ਨੇ ਹਾਲਾਤਾਂ 'ਤੇ ਕਾਬੂ ਪਾ ਲਿਆ। ਜਾਣਕਾਰੀ ਅਨੁਸਾਰ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਤੇਜ਼ ਬਾਰਿਸ਼ ਕਾਰਨ ਫਰੀਦਕੋਟ ਦੇ ਨੇੜਲੇ ਪਿੰਡ ਹਰੀਏ ਵਾਲਾ ਦਾ ਬਰਸਾਤੀ ਨਾਲਾ (ਡਰੇਨ) ਪਾਣੀ ਭਰ ਜਾਣ ਕਾਰਨ ਓਵਰਫਲੋ ਹੋ ਗਿਆ, ਜਿਸ ਕਾਰਨ ਪਿੰਡ 'ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਡਰੇਨ  ਦੇ ਓਵਰਫਲੋ ਹੋਣ ਕਾਰਨ ਪਾਣੀ ਦਾ ਵਹਾਅ ਪਿੰਡ ਵੱਟੂ ਅਤੇ ਨਾਲ ਵਾਲੇ ਹੋਰ ਪਿੰਡਾਂ ਵੱਲ ਹੋ ਗਿਆ।

PunjabKesari

ਦੂਜੇ ਪਾਸੇ ਪਿੰਡ ਵੱਟੂ ਅਤੇ ਹੋਰ ਪਿੰਡ, ਜੋ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਹਨ, ਉਨ੍ਹਾਂ ਦੇ ਲੋਕ ਇਕੱਠੇ ਹੋ ਕੇ ਡਰੇਨ ਦੀ ਪਟੜੀ 'ਤੇ ਬੰਨ੍ਹ ਲਾਉਣ ਲਈ ਪਹੁੰਚ ਗਏ, ਜਿਸ ਕਾਰਨ ਉਨ੍ਹਾਂ 'ਚ ਟਕਰਾ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਵੱਖ-ਵੱਖ ਕਰਕੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ। ਦੂਜੇ ਪਾਸੇ ਇਸ ਮਾਮਲੇ ਦੇ ਸਬੰਧ 'ਚ ਥਾਣਾ ਸਦਰ ਦੇ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਕਿਹਾ ਕਿ ਪਿੰਡ ਵੱਟੂ ਦੇ ਲੋਕ ਆਪਣੇ ਪਿੰਡ ਦੀ ਹੱਦ ਪਾਰ ਕਰਕੇ ਦੂਜੇ ਪਿੰਡ 'ਚ ਆ ਕੇ ਡਰੇਨ ਦੀ ਪਟੜੀ 'ਤੇ ਬੰਨ੍ਹ ਮਾਰਨਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ 'ਚ ਟਕਰਾਅ ਹੋ ਗਿਆ।  


author

rajwinder kaur

Content Editor

Related News