ਮ੍ਰਿਤਕ ਮੁੱਖ ਗਵਾਹ ਦੇ ਪਰਿਵਾਰ ਨਾਲ ਅਕਾਲੀ ਦਲ ਚੱਟਾਨ ਵਾਂਗ ਖੜ੍ਹੈ : ਸੁਖਬੀਰ

01/24/2020 10:24:31 AM

ਫ਼ਰੀਦਕੋਟ (ਹਾਲੀ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਗਰੋਂ ਪੈਦਾ ਹੋਏ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ’ਚ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਬਾਅਦ ਪਰਿਵਾਰ ਨੂੰ ਦਿਲਾਸਾ ਦੇਣ ਲਈ ਸਾਰੀਆਂ ਪਾਰਟੀਆਂ ਦੇ ਵੱਡੇ ਸਿਆਸੀ ਆਗੂ ਪਹੁੰਚ ਰਹੇ ਹਨ। ਕਾਂਗਰਸੀ ਮੰਤਰੀ ਮਗਰੋਂ ਪੀੜਤ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪੂਰੀ ਟੀਮ ਨਾਲ ਪਹੁੰਚੇ ਅਤੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਤੇ ਪੁੱਤਰ ਲਖਵਿੰਦਰ ਸਿੰਘ ਤੋਂ ਸਾਰੀ ਘਟਨਾ ਦੀ ਜਾਣਕਾਰੀ ਲਈ। ਇਸ ਉਪਰੰਤ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਇਸ ਪੀੜਤ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਹ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਪਾਰਟੀ ਦੇ ਨਾਲ-ਨਾਲ ਨਿੱਜੀ ਤੌਰ ’ਤੇ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ।

ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਚਾਹੇ ਹਾਈਕੋਰਟ ਤੱਕ ਜਾਣਾ ਪਵੇ, ਅਕਾਲੀ ਦਲ ਪੂਰੀ ਤਰ੍ਹਾਂ ਨਾਲ ਪਰਿਵਾਰ ਦੀ ਮਦਦ ਕਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਜੇਕਰ ਕਿਸੇ ਤਰ੍ਹਾਂ ਦਾ ਸੰਘਰਸ਼ ਹੋਇਆ ਤਾਂ ਅਕਾਲੀ ਦਲ ਉਸ ’ਚ ਉਨ੍ਹਾਂ ਦਾ ਸਾਥ ਦੇਵੇਗਾ। ਬਾਦਲ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਸੁਰਜੀਤ ਦੀ ਮੌਤ ਲਈ 1 ਵਿਧਾਇਕ ਤੇ 1 ਮੰਤਰੀ ਸਮੇਤ ਕਈ ਹੋਰ ਸਥਾਨਕ ਆਗੂ ਜ਼ਿੰਮੇਵਾਰ ਹਨ। ਸਰਕਾਰੀ ਸ਼ਹਿ ਦੇ ਆਧਾਰ ’ਤੇ ਪੁਲਸ ਅਤੇ ਪ੍ਰਸ਼ਾਸਨ ਕਿਸੇ ਵਿਅਕਤੀ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ।

ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਲਗਾਤਾਰ ਪ੍ਰੇਸ਼ਾਨ ਕਰਨ ਦੇ ਬਾਵਜੂਦ ਉਸ ਦੇ ਪਤੀ ਨੇ ਗਵਾਹੀ ਦਿੱਤੀ ਹੈ। ਹੁਣ ਲੋੜ ਪਈ ਤਾਂ ਉਹ ਉਸੇ ਦਲੇਰੀ ਨਾਲ ਗਵਾਹੀ ਦੇਵੇਗੀ। ਉਨ੍ਹਾਂ ਅਤੇ ਉੁਸ ਦੇ ਪੁੱਤਰ ਲਖਵਿੰਦਰ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਇਨਸਾਫ਼ ਲੈਣ ਦੀ ਮੰਗ ਕਰਦਿਆਂ ਬਾਦਲ ਨੂੰ ਦੱਸਿਆ ਕਿ ਜਦੋਂ ਤੋਂ ਸੁਰਜੀਤ ਨੇ ਬਹਿਕਲ ਗੋਲੀ ਕਾਂਡ ’ਚ ਗਵਾਹੀ ਦਿੱਤੀ, ਉਦੋਂ ਤੋਂ ਉਸ ਦੇ ਪਰਿਵਾਰ ’ਦੇ ਦੁੱਖਾਂ ਦਾ ਪਹਾੜ ਟੁੱਟ ਗਿਆ। ਵੱਡੇ ਆਗੂਆਂ ਦੀ ਸ਼ਹਿ ’ਤੇ ਸਥਾਨਕ ਲੀਡਰ ਨੂੰ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰਨ ਲੱਗੇ, ਜਿਸ ਕਾਰਨ ਸੁਰਜੀਤ ਦੀ ਮੌਤ ਹੋ ਗਈ। ਇਸ ਮੌਕੇ ਬਾਦਲ ਦੇ ਨਾਲ ਸਿਕੰਦਰ ਸਿੰਘ ਮਲੂਕਾ, ਮਨਤਾਰ ਸਿੰਘ ਬਰਾੜ, ਪਰਮਬੰਸ ਸਿੰਘ ਬੰਟੀ ਰੋਮਾਣਾ ਆਗੂ ਮੌਜੂਦ ਸਨ।


rajwinder kaur

Content Editor

Related News