ਨਰਸਿੰਗ ਕਾਲਜ ਦੀ ਵਿਦਿਆਰਥਣ ਨੇ ਹੋਸਟਲ ''ਚ ਪੱਖੇ ਨਾਲ ਫਾਹ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

Friday, Feb 07, 2020 - 09:39 AM (IST)

ਨਰਸਿੰਗ ਕਾਲਜ ਦੀ ਵਿਦਿਆਰਥਣ ਨੇ ਹੋਸਟਲ ''ਚ ਪੱਖੇ ਨਾਲ ਫਾਹ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਫ਼ਰੀਦਕੋਟ (ਰਾਜਨ,ਜਗਤਾਰ) : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਬੰਧਤ ਨਰਸਿੰਗ ਕਾਲਜ ਦੀ ਬੀ. ਐੱਸ. ਸੀ. ਤੀਜੇ ਸਾਲ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਬਾਘਾਪੁਰਾਣਾ ਜ਼ਿਲਾ ਮੋਗਾ ਨੇ ਦੇਰ ਸ਼ਾਮ ਨੂੰ ਹੋਸਟਲ ਦੇ ਕਮਰੇ ਦੇ ਛੱਤ ਦੇ ਪੱਖੇ ਨਾਲ ਫ਼ਾਹ ਲੈ ਕੇ ਭੇਦ ਭਰੀ ਹਾਲਤ ਵਿਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਵੀ ਘਟਨਾ ਸਥਾਨ 'ਤੇ ਪੁੱਜ ਗਏ। ਉਨ੍ਹਾਂ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੇਵਲ ਇਹੀ ਕਿਹਾ ਕਿ ਲੜਕੀ ਨੇ ਇਹ ਕਦਮ ਕਿਉ ਚੁੱਕਿਆ ਇਸ ਸਬੰਧੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਕਾਲਜ ਦੇ ਪ੍ਰਿੰਸੀਪਲ ਹਰੀਸ਼ ਚੰਦਰ ਰਾਵਤ ਨੇ ਦੱਸਿਆ ਕਿ ਦੇਰ ਸ਼ਾਮ ਗਏ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ ਅਤੇ ਜਦੋਂ ਤੱਕ ਲੜਕੀ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ, ਇਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਲੜਕੀ ਨੇ ਕਾਲਜ ਦੀ ਕਲਾਸ ਵੀ ਅਟੈਂਡ ਕੀਤੀ ਸੀ ਅਤੇ ਆਊਟਿੰਗ ਦਾ ਦਿਨ ਹੋਣ ਕਰ ਕੇ ਇਹ ਲੜਕੀ ਬਾਜ਼ਾਰ ਵੀ ਗਈ ਸੀ। ਇਸ ਲੜਕੀ ਨੇ ਇਹ ਕਦਮ ਕਿਉਂ ਚੁੱਕਿਆ ਇਹ ਇਕ ਭੇਦ ਬਣ ਗਿਆ ਹੈ।

ਮੌਕੇ 'ਤੇ ਪੁਲਸ ਪਾਰਟੀ ਸਮੇਤ ਪੁੱਜੇ ਥਾਣਾ ਸਿਟੀ ਮੁਖੀ ਰਾਜਵੀਰ ਸਿੰਘ ਨੇ ਕਿਹਾ ਕਿ ਜਦ ਉਹ ਹੋਸਟਲ ਪੁੱਜੇ ਤਾਂ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਵੀ ਇੱਥੇ ਪੁੱਜ ਗਏ ਸਨ। ਉਨ੍ਹਾਂ ਦੇ ਬਿਆਨ ਲਿਖਣ ਉਪਰੰਤ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਉਸ ਦੇ ਸਾਥੀ ਵਿਦਿਆਰਥੀਆਂ ਕੋਲੋਂ ਵੀ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ।


author

cherry

Content Editor

Related News