ਮਸ਼ਹੂਰ ਪੰਜਾਬੀ ਗਾਇਕ ‘ਸਰਦੂਲ ਸਿਕੰਦਰ’ ਦੀ ਮੌਤ 'ਤੇ ਸਿਆਸੀ ਆਗੂਆਂ ਨੇ ਟਵੀਟ ਕਰ ਪ੍ਰਗਟਾਇਆ ਦੁੱਖ
Wednesday, Feb 24, 2021 - 03:16 PM (IST)
ਜਲੰਧਰ (ਬਿਊਰੋ) - ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅੱਜ ਉਸ ਸਮੇਂ ਸਭ ਤੋਂ ਵੱਡਾ ਝਟਕਾ ਲੱਗਾ, ਜਦੋਂ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਆ। ਸਰਦੂਲ ਸਿਕੰਦਰ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਸਨ, ਜਿਸ ਕਰਕੇ ਉਹ ਮੁਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਦਾਖਲ ਸਨ। ਸਰਦੂਲ ਸਿਕੰਦਰ 60 ਸਾਲਾਂ ਦੇ ਸੀ। ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਵੱਖ-ਵੱਖ ਗਾਇਕ, ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਟਵੀਟ ਕਰਕੇ ਦੁੱਖ ਪ੍ਰਗਟ ਕਰ ਰਹੇ ਹਨ।
ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਕਿਹਾ- ‘‘ਸੁਰਾਂ ਦੇ ਬਾਦਸ਼ਾਹ ਅਖਵਾਉਣ ਵਾਲੇ ਸੁਰੀਲੇ ਗਾਇਕ ਸਰਦੂਲ ਸਿਕੰਦਰ ਇਸ ਦੁਨੀਆਂ 'ਚ ਨਹੀਂ ਰਹੇ! ਉਨ੍ਹਾਂ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਮਨ ਬਹੁਤ ਦੁਖੀ ਹੋਇਆ ਹੈ! ਉਨ੍ਹਾਂ ਦਾ ਅਚਨਚੇਤ ਇਸ ਸੰਸਾਰ ਤੋਂ ਤੁਰ ਜਾਣਾ ਪੂਰੇ ਸੰਗੀਤ ਜਗਤ ਲਈ ਵੱਡਾ ਘਾਟਾ ਹੈ। ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ।’’
ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ- ‘‘ਸੁਰਾਂ ਦੇ ਬਾਦਸ਼ਾਹ ਅਤੇ ਲੋਕਾਂ ਦੇ ਦਿਲਾਂ ’ਚ ਵਸਣ ਵਾਲੇ ਸਰਦੂਲ ਸਿਕੰਦਰ ਜੀ ਇਸ ਦੁਨੀਆਂ ’ਚ ਨਹੀਂ ਰਹੇ। ਸਰਦੂਲ ਜੀ ਤੁਸੀਂ ਸਰੀਰਕ ਤੌਰ ’ਤੇ ਭਾਵੇਂ ਸਾਡੇ ’ਚ ਨਹੀਂ ਰਹੇ ਪਰ ਤੁਹਾਡੀ ਮਿੱਠੀ ਅਵਾਜ਼ ਸਦਾ ਲੋਕਾਂ ਦੇ ਦਿਲਾਂ ’ਚ ਗੂੰਜਦੀ ਰਹੇਗੀ...ਅਲਵਿਦਾ ਸੁਰਾਂ ਦੇ ਸਿੰਕਦਰ ਸਾਹਿਬ...।’’
ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਚੀਮਾ ਨੇ ਕਿਹਾ- ‘‘ਭਾਵੇਂ ਅੱਜ ਸਰਦੂਲ ਸਿਕੰਦਰ ਜੀ ਸਾਡੇ ਵਿਚ ਨਹੀਂ ਰਹੇ, ਪਰ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਦੇ ਦਿਲਾਂ ਵਿਚ ਹਮੇਸ਼ਾ ਅਮਰ ਰਹਿਣਗੇ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।’
ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਕਿਹਾ- ‘‘ਮਕਬੂਲ ਪੰਜਾਬੀ ਗਾਇਕ ਸਰਦੂਲ ਸਿਕੰਦਰ ਜੀ ਦੇ ਦੇਹਾਂਤ ਬਾਰੇ ਸੁਣਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੀਆਂ ਧੁਨਾਂ ਹਮੇਸ਼ਾਂ ਚਲਦੀਆਂ ਰਹਿਣਗੀਆਂ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ - ‘‘'ਸੁਰਾਂ ਦੇ ਸਿਕੰਦਰ', ਪੰਜਾਬੀ ਗਾਇਕੀ ਦੇ ਅਨਮੋਲ ਹੀਰੇ ਸਰਦੂਲ ਸਿਕੰਦਰ ਜੀ ਦੇ ਦਿਹਾਂਤ ਦਾ ਅਮਰ ਨੂਰੀ ਜੀ, ਉਨ੍ਹਾਂ ਦੇ ਬੱਚੇ ਅਲਾਪ ਤੇ ਸਾਰੰਗ, ਅਤੇ ਚਾਹੁਣ ਵਾਲਿਆਂ ਨਾਲ ਮੈਂ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ। ਪੰਜਾਬੀ ਸੰਗੀਤ 'ਚ ਪਾਏ ਬੇਮਿਸਾਲ ਯੋਗਦਾਨ ਲਈ ਦੁਨੀਆ ਭਰ ਦੇ ਪੰਜਾਬੀ ਉਨ੍ਹਾਂ ਨੂੰ ਸਦਾ ਯਾਦ ਕਰਦੇ ਰਹਿਣਗੇ।’’
ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ।
ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪਰਨੀਤ ਕੌਰ ਨੇ ਵੀ ਟਵੀਟ ਕਰਦਿਆਂ ਸਰਦੂਲ ਸਿਕੰਦਰ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ।
ਦੱਸ ਦੇਈਏ ਕਿ ਸਰਦੂਲ ਸਿਕੰਦਰ ਦਾ ਜਨਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿੱਚ ਹੋਇਆ ਸੀ। ਉਹ ਸੰਗੀਤ ਦੇ ਪਟਿਆਲੇ ਘਰਾਨਾ ਨਾਲ ਸਬੰਧਤ ਸੀ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ।ਉਹ ਪਿਛਲੇ ਕਾਫੀ ਦਿਨਾਂ ਤੋਂ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਨੂੰ ਕਰੋਨਾ ਦੀ ਵੀ ਪੁਸ਼ਟੀ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਫੌਰਟਿਸ ਹਸਪਤਾਲ ਵਿੱਚ ਚੱਲ ਰਿਹਾ ਸੀ। ਅੱਜ ਸਵੇਰੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼
ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਜਵਾਬ?